ਨੇਹਾ ਲਈ ਇਨਸਾਫ਼ ਵਾਸਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਮਾਰਚ ਨੇਹਾ ਕਤਲ ਕਾਂਡ ਵਿਰੁੱਧ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਵਿਸ਼ਾਲ ਮਾਰਚ
Publish Date: Mon, 24 Aug 2026 08:26 PM (IST)
Updated Date: Mon, 24 Aug 2026 08:27 PM (IST)
-ਨਾਮਜ਼ਦ ਵਿਅਕਤੀਆਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਸਖ਼ਤ ਸਜ਼ਾ ਦੀ ਮੰਗ ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਸਥਾਨਕ ਸ਼ਹਿਰ ਦੀ ਨੂੰਹ ਨੇਹਾ ਦੀ ਮੌਤ ਦੇ ਮਾਮਲੇ ’ਚ ਉਸ ਦੇ ਪੇਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਪਰਿਵਾਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਸ਼ਹਿਰ ਤੇ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾਮਜ਼ਦ ਵਿਅਕਤੀਆਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਮਾਮਲੇ ’ਚ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਾਰਚ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕਿਲ੍ਹਾ ਕੋਠੀ ਨੇੜੇ ਇਕੱਠੇ ਹੋਏ। ਇੱਥੇ ਨੇਹਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਆਗੂਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ’ਚ ਇਲਾਜ ਅਧੀਨ ਨੇਹਾ ਦੇ ਬਿਆਨ ਸਮੇਂ ਸਿਰ ਦਰਜ ਨਹੀਂ ਕੀਤੇ ਗਏ। ਮਾਮਲੇ ’ਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨਿਰਪੱਖ ਜਾਂਚ ਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮਾਮਲੇ ’ਚ ਸਿਆਸੀ ਪ੍ਰਭਾਵ ਕਾਰਨ ਪੁਲਿਸ ’ਤੇ ਦਬਾਅ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਨੇ ਨੇਹਾ ਦੇ ਪੇਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਿੱਖ ਯੂਥ ਕਾਫ਼ਲਾ ਕਰਤਾਰਪੁਰ ਵੱਲੋਂ ਹਰਵਿੰਦਰ ਸਿੰਘ ਰਿੰਕੂ, ਤੇਜਿੰਦਰ ਸਿੰਘ, ਗੁਰਜੀਤ ਸਿੰਘ ਤੇ ਬਲਵੀਰ ਸਿੰਘ, ਕਾਂਗਰਸੀ ਆਗੂ ਤੇ ਸਾਬਕਾ ਐੱਸਐੱਸਪੀ ਰਾਜਿੰਦਰ ਸਿੰਘ, ਅਕਾਲੀ ਆਗੂ ਮਹਿੰਦਰ ਸਿੰਘ ਕੇਪੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਆਗੂ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ, ਦਲਜੀਤ ਕੌਰ, ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਆਗੂ ਬੀਬੀ ਕੁਲਵਿੰਦਰ ਕੌਰ, ਰੇਨੂ ਸੇਠ, ਸਾਬਕਾ ਕੌਂਸਲਰ ਮਨਜੀਤ ਸਿੰਘ, ਸੇਵਾ ਸਿੰਘ, ਗੁਰਨੇਕ ਸਿੰਘ ਢਿੱਲੋਂ, ਬਲਬੀਰ ਸਿੰਘ, ਤਨਵੀਰ ਸਿੰਘ, ਖੇਤ ਮਜ਼ਦੂਰ ਆਗੂ ਵੀਰ ਕੁਮਾਰ, ਦਲਿਤ ਆਗੂ ਪੰਕਜ ਕਲਿਆਣ, ਬਲਵਿੰਦਰ ਬੁੱਗਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।