- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਓ ਛੁੱਟੀ ’ਤੇ, ਆਰਟੀਓ ਦਫ਼ਤਰ ‘ਠੱਪ’, ਅਕਾਊਂਟੈਂਟ ਦੀ ਤਾਇਨਾਤੀ ਸਵਾਲਾਂ ’ਚ

-ਕਮਰਸ਼ੀਅਲ ਵਾਹਨਾਂ ਦੇ ਕੰਮ ਪ੍ਰਭਾਵਿਤ, ਅੱਜ ਵੀ ਬੈਕਲਾਗ ਦਾ ਕੰਮ ਬੰਦ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਆਰਟੀਓ ਦਫ਼ਤਰ ’ਚ ਪ੍ਰਬੰਧਕੀ ਲਾਪਰਵਾਹੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਕੰਮਾਂ ਤੇ ਸਰਕਾਰੀ ਮਾਲੀਏ ’ਤੇ ਪੈ ਰਿਹਾ ਹੈ। ਸੈਕਸ਼ਨ ਅਫ਼ਸਰ (ਐੱਸਓ) ਮੁਨੀਸ਼ ਮਲਹੋਤਰਾ ਦੇ ਦੋ ਦਿਨਾਂ ਦੀ ਛੁੱਟੀ ’ਤੇ ਜਾਣ ਕਾਰਨ ਬੁੱਧਵਾਰ ਨੂੰ ਕਮਰਸ਼ੀਅਲ ਵਾਹਨਾਂ ਨਾਲ ਸਬੰਧਤ ਕਈ ਅਹਿਮ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ’ਚ ਅਕਾਊਂਟੈਂਟ ਅੰਨੂ ਦੀ ਪੱਕੀ ਤਾਇਨਾਤੀ ਆਰਟੀਓ ਦਫ਼ਤਰ ਵਿਚ ਹੋਣ ਅਤੇ ਤਨਖ਼ਾਹ ਵੀ ਇਸੇ ਦਫ਼ਤਰ ਤੋਂ ਜਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਆਰਟੀਓ ਦਫ਼ਤਰ ਦੀ ਬਜਾਏ ਆਰਟੀਏ ਦਫ਼ਤਰ ’ਚ ਬੈਠਣ ਦਾ ਮਾਮਲਾ ਸਵਾਲਾਂ ਦੇ ਘੇਰੇ ’ਚ ਹੈ। ਓਧਰ ਦੂਜੇ ਪਾਸੇ ਬੁੱਧਵਾਰ ਨੂੰ ਵੀ ਬੈਕਲਾਗ ਦੇ ਕੰਮ ਨਹੀਂ ਹੋ ਸਕੇ, ਕਿਉਂਕਿ ਕਲਰਕ ਸੁਖਰਾਜ ਮੱਟੂ ਬਿਮਾਰ ਹਨ। ਨਾਲ ਹੀ ਟੈਕਸ ਤੋਂ ਛੋਟ ਵਾਲੇ ਸਰਟੀਫਿਕੇਟ ਦੇ ਕੰਮਾਂ ‘ਤੇ ਵੀ ਬ੍ਰੇਕ ਲੱਗੀ ਰਹੀ।
-------------------------------
ਐੱਸਓ ਦੇ ਇਹ ਕੰਮ ਨਹੀਂ ਹੋ ਸਕੇ
ਐੱਸਓ ਦੇ ਪੱਧਰ ’ਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਈ-ਰਿਕਸ਼ਾ, ਥ੍ਰੀ-ਵ੍ਹੀਲਰ, ਨਵੀਂ ਆਰਸੀ, ਰੀਅਸਾਈਨਮੈਂਟ, ਆਰਸੀ ਸਵੈਪਿੰਗ, ਛੋਟਾ ਹਾਥੀ, ਟਾਟਾ-407, ਐਂਬੂਲੈਂਸ, ਟਰੱਕ ਅਤੇ ਬੱਸਾਂ (ਸਾਰਿਆਂ ਵਾਹਨਾਂ ਦੇ ਕੋਡ ਲਗਾਉਣਾ) ਨਾਲ ਸਬੰਧਤ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਐੱਮਵੀਆਈ ਦਫ਼ਤਰ ਦੀਆਂ ਪੈਨਲਟੀਆਂ ਦੇ ਕੋਡ ਤੇ ਕਮਰਸ਼ੀਅਲ ਵਾਹਨਾਂ ਦੇ ਟੈਕਸ ਅਪਡੇਟ ਵਰਗੇ ਅਹਿਮ ਕੰਮ ਵੀ ਪ੍ਰਭਾਵਿਤ ਹੋਏ। ਇਨ੍ਹਾਂ ਕੰਮਾਂ ਲਈ ਦਫ਼ਤਰ ਪੁੱਜੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਸਵਾਲ ਇਹ ਹੈ ਕਿ ਕੀ ਅੰਨੂ ਨੂੰ ਆਰਟੀਏ ਦਾ ਵਾਧੂ ਚਾਰਜ ਹੋਣ ਕਾਰਨ ਉੱਥੇ ਬਿਠਾਇਆ ਗਿਆ ਹੈ ਜਾਂ ਇਹ ਪ੍ਰਬੰਧ ਕਿਸੇ ਸੀਨੀਅਰ ਅਧਿਕਾਰੀ ਦੇ ਨਿਰਦੇਸ਼ਾਂ ’ਤੇ ਕੀਤਾ ਗਿਆ ਹੈ, ਇਸ ਸਬੰਧੀ ਸਥਿਤੀ ਅੱਜ ਤੱਕ ਸਪੱਸ਼ਟ ਨਹੀਂ ਹੋ ਸਕੀ। ਮਾਮਲਾ ਇਸ ਲਈ ਵੀ ਗੰਭੀਰ ਹੈ ਕਿ ਜਦੋਂ ਐੱਸਓ ਕਿਸੇ ਕਾਰਨ ਛੁੱਟੀ ’ਤੇ ਹੁੰਦੇ ਹਨ ਤਾਂ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਦਫ਼ਤਰ ਦਾ ਕੰਮ ਚਲਾਉਣ ਲਈ ਬਦਲਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਅਧਿਕਾਰੀ ਦੀ ਗੈਰ-ਮੌਜੂਦਗੀ ਕਾਰਨ ਲੋਕਾਂ ਦੇ ਕੰਮ ਰੁਕੇ ਹੋਣ। ਇਸ ਦੇ ਬਾਵਜੂਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ।
-------------------------
ਆਰਟੀਓ ਮੀਡੀਆ ਨੂੰ ਪੱਖ ਦੇਣ ਤੋਂ ਕਰਦੇ ਗੁਰੇਜ਼
ਇਸ ਮਾਮਲੇ ਸਬੰਧੀ ਆਰਟੀਓ ਤੁਸ਼ਿਤਾ ਗੁਲਾਟੀ ਦਾ ਪੱਖ ਜਾਣਨ ਲਈ ਬੁੱਧਵਾਰ ਨੂੰ ਮੁੜ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਇੰਨਾ ਹੀ ਨਹੀਂ, ਉਨ੍ਹਾਂ ਦੇ ਮੋਬਾਈਲ ਨੰਬਰ 6280 926 636 ’ਤੇ ਵ੍ਹਟਸਐਪ ਰਾਹੀਂ ਵੀ ਸੁਨੇਹਾ ਭੇਜ ਕੇ ਮਾਮਲੇ ਸਬੰਧੀ ਜਾਣਕਾਰੀ ਮੰਗੀ ਗਈ ਪਰ ਉਸ ਦਾ ਵੀ ਕੋਈ ਜਵਾਬ ਨਹੀਂ ਮਿਲਿਆ। ਅਜਿਹੇ ’ਚ ਕਿਸੇ ਅਧਿਕਾਰੀ ਵੱਲੋਂ ਵਾਰ-ਵਾਰ ਸੰਪਰਕ ਦੇ ਬਾਵਜੂਦ ਜਵਾਬ ਨਾ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਵਿਭਾਗ ਦੇ ਕੰਮਕਾਜ ਸਬੰਧੀ ਉੱਠ ਰਹੇ ਸਵਾਲਾਂ ਦਾ ਜਵਾਬ ਦੇਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ। ਓਧਰ ਦੂਜੇ ਪਾਸੇ ਅਕਾਊਂਟੈਂਟ ਅੰਨੂ ਨਾਲ ਵੀ ਗੱਲ ਨਹੀਂ ਹੋ ਸਕੀ।
----------------------------
ਆਰਟੀਓ ਦਫ਼ਤਰ ਦੀ ਕਾਰਗੁਜ਼ਾਰੀ ਮਾੜੀ : ਸਹਿਗਲ
ਸੀਨੀਅਰ ਕਾਂਗਰਸੀ ਆਗੂ ਸੰਜੇ ਸਹਿਗਲ ਨੇ ਕਿਹਾ ਕਿ ਅਕਾਊਂਟੈਂਟ ਅੰਨੂ ਦੀ ਪੱਕੀ ਤਾਇਨਾਤੀ ਆਰਟੀਓ ਦਫ਼ਤਰ ’ਚ ਹੈ ਅਤੇ ਉਨ੍ਹਾਂ ਦੀ ਤਨਖ਼ਾਹ ਵੀ ਇਸੇ ਦਫ਼ਤਰ ਤੋਂ ਜਾਰੀ ਹੁੰਦੀ ਹੈ। ਇਸ ਦੇ ਬਾਵਜੂਦ ਐੱਸਓ ਦੇ ਛੁੱਟੀ ’ਤੇ ਜਾਣ ਸਮੇਂ ਉਨ੍ਹਾਂ ਵੱਲੋਂ ਆਰਟੀਓ ਦਫ਼ਤਰ ’ਚ ਬੈਠ ਕੇ ਲੋਕਾਂ ਦੇ ਕੰਮ ਸੰਭਾਲਣ ਦਾ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਸਹਿਗਲ ਨੇ ਕਿਹਾ ਕਿ ਸਟਾਫ਼ ਦੀ ਡਿਊਟੀ ਤੈਅ ਕਰਨਾ ਆਰਟੀਓ ਦੀ ਜ਼ਿੰਮੇਵਾਰੀ ਹੈ ਤਾਂ ਜੋ ਕਿਸੇ ਕਰਮਚਾਰੀ ਦੀ ਗੈਰ-ਮੌਜੂਦਗੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਸ ਨੂੰ ਅਧਿਕਾਰੀ ਦੀ ਨਾਲਾਇਕੀ ਮੰਨਿਆ ਜਾ ਸਕਦਾ ਹੈ। ਮਾਮਲੇ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇਗੀ।