- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਦੀ ਸਨੇਹਾ ਘਰਾਮੀ ਨੇ ਕੈਨੇਡਾ ’ਚ ਰਚਿਆ ਇਤਿਹਾਸ

-4 ਸੋਨ ਤਗਮੇ ਜਿੱਤ ਕੇ ਬਣਾਏ 3 ਨਵੇਂ ਕਾਮਨਵੈਲਥ ਰਿਕਾਰਡ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸੀਟੀ ਗਰੁੱਪ ਦੀ ਹੋਣਹਾਰ ਪਾਵਰਲਿਫਟਰ ਸਨੇਹਾ ਘਰਾਮੀ ਨੇ ਕੈਨੇਡਾ ਦੇ ਵਿਨੀਪੈਗ ’ਚ ਹੋਈ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨ ਤਗਮੇ ਜਿੱਤੇ ਤੇ 3 ਨਵੇਂ ਕਾਮਨਵੈਲਥ ਰਿਕਾਰਡ ਕਾਇਮ ਕੀਤੇ। ਸੀਟੀ ਗਰੁੱਪ ਪ੍ਰਬੰਧਕਾਂ ਨੇ ਇਹ ਮੁਕਾਬਲੇ 17 ਤੋਂ 27 ਸਤੰਬਰ 2026 ਤੱਕ ਕਰਵਾਏ ਗਏ। ਜੂਨੀਅਰ 76 ਕਿੱਲੋਗ੍ਰਾਮ ਭਾਰ ਵਰਗ ’ਚ ਹਿੱਸਾ ਲੈਂਦਿਆਂ ਸਨੇਹਾ ਨੇ ਸਾਰੇ ਮੁਕਾਬਲਿਆਂ ’ਚ ਸੋਨ ਤਗਮੇ ਆਪਣੇ ਨਾਮ ਕੀਤੇ। ਉਸ ਨੇ 190 ਕਿਲੋਗ੍ਰਾਮ ਸਕੁਐਟ, 120 ਕਿੱਲੋਗ੍ਰਾਮ ਬੈਂਚ ਪ੍ਰੈੱਸ ਤੇ 190 ਕਿਲੋਗ੍ਰਾਮ ਡੈੱਡਲਿਫਟ ’ਚ ਤਿੰਨ ਨਵੇਂ ਕਾਮਨਵੈਲਥ ਰਿਕਾਰਡ ਬਣਾਏ। ਕੁੱਲ 500 ਕਿੱਲੋਗ੍ਰਾਮ ਭਾਰ ਚੁੱਕ ਕੇ ਉਸ ਨੇ ਓਵਰਆਲ ਸੋਨ ਤਗਮਾ ਵੀ ਹਾਸਲ ਕੀਤਾ। ਪੱਛਮੀ ਬੰਗਾਲ ਦੀ ਰਹਿਣ ਵਾਲੀ ਸਨੇਹਾ ਸੀਟੀ ਗਰੁੱਪ ’ਚ ਬੀਏ ਦੂਜੇ ਸਾਲ ਦੀ ਵਿਦਿਆਰਥਣ ਹੈ ਤੇ ਸੰਸਥਾ ਦੀ 100 ਫੀਸਦੀ ਸਪੋਰਟਸ ਸਕਾਲਰਸ਼ਿਪ ਯੋਜਨਾ ਤਹਿਤ ਸਿੱਖਿਆ ਪ੍ਰਾਪਤ ਕਰ ਰਹੀ ਹੈ। ਹਾਵੜਾ ਦੇ ਇਕ ਸਧਾਰਨ ਪਰਿਵਾਰ ਨਾਲ ਸਬੰਧਤ ਸਨੇਹਾ ਦੀ ਸਫਲਤਾ ਸੰਘਰਸ਼ ਤੇ ਦ੍ਰਿੜ੍ਹ ਇਰਾਦੇ ਦੀ ਪ੍ਰੇਰਣਾਦਾਇਕ ਕਹਾਣੀ ਹੈ। ਸਨੇਹਾ ਇਸ ਤੋਂ ਪਹਿਲਾਂ 2023 ’ਚ ਕੇਰਲ ਤੇ 2025 ’ਚ ਦੇਹਰਾਦੂਨ ਵਿਖੇ ਹੋਈ ਏਸ਼ੀਅਨ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਤਿੰਨ-ਤਿੰਨ ਸੋਨ ਤਗਮੇ ਜਿੱਤ ਚੁੱਕੀ ਹੈ। ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ’ਚ ਵੀ ਉਹ ਓਵਰਆਲ ਸੋਨ ਤਗਮਾ ਹਾਸਲ ਕਰ ਚੁੱਕੀ ਹੈ। ਆਪਣੀ ਸਫਲਤਾ ਤੋਂ ਬਾਅਦ ਸਨੇਹਾ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੇਹੱਦ ਕੁਰਬਾਨੀਆਂ ਦਿੱਤੀਆਂ ਹਨ। ਉਹ ਆਪਣੇ ਮਾਤਾ-ਪਿਤਾ ਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਦੇ ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਸਨੇਹਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਮਨਵੈਲਥ ਵਰਗੇ ਅੰਤਰਰਾਸ਼ਟਰੀ ਮੰਚ ’ਤੇ ਉਸ ਦੀ ਇਹ ਇਤਿਹਾਸਕ ਪ੍ਰਾਪਤੀ ਪੂਰੇ ਸੀਟੀ ਗਰੁੱਪ ਪਰਿਵਾਰ ਤੇ ਦੇਸ਼ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਸਨੇਹਾ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਸਫਲਤਾ ਦੀ ਮਿਸਾਲ ਕਾਇਮ ਕੀਤੀ ਹੈ। ਸੀਟੀ ਗਰੁੱਪ ਹੋਣਹਾਰ ਨੌਜਵਾਨਾਂ ਨੂੰ ਸਕਾਲਰਸ਼ਿਪ ਤੇ ਲੋੜੀਂਦੇ ਸਰੋਤਾਂ ਰਾਹੀਂ ਲਗਾਤਾਰ ਸਹਿਯੋਗ ਦੇਣ ਲਈ ਵਚਨਬੱਧ ਹੈ। ਸੀਟੀ ਗਰੁੱਪ ਪਰਿਵਾਰ, ਸਪੋਰਟਸ ਵਿਭਾਗ ਤੇ ਪ੍ਰਬੰਧਨ ਨੇ ਸਨੇਹਾ ਘਰਾਮੀ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਦਿਲੋਂ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।