- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਦਨਪੁਰ ਰੋਡ ’ਤੇ ਦਿਨ-ਦਿਹਾੜੇ ਮਾਂ-ਧੀ ਨਾਲ ਸਨੈਚਿੰਗ, ਵਾਲੀਆਂ ਖਿੱਚ ਕੇ ਫਰਾਰ ਹੋਏ ਦੋ ਨਕਾਬਪੋਸ਼

- ਰਾਹਗੀਰਾਂ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕੀਤਾ, ਭੱਜਦੇ ਸਮੇਂ ਦੂਜੇ ਸਕੂਟਰ ਨਾਲ ਟਕਰਾਏ
- ਸੜਕ ’ਤੇ ਡਿੱਗੀਆਂ ਸੋਨੇ ਦੀਆਂ ਵਾਲੀਆਂ ਬਿਜਲੀ ਮੁਲਾਜ਼ਮ ਨੇ ਲੱਭ ਕੇ ਵਾਪਸ ਕੀਤੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੰਦਨਪੁਰ ਰੋਡ ’ਤੇ ਦਿਨ-ਦਿਹਾੜੇ ਸਨੈਚਿੰਗ ਦੀ ਵਾਰਦਾਤ ਵਿੱਚ ਮਾਂ-ਧੀ ਵਾਲ-ਵਾਲ ਬਚ ਗਈਆਂ। ਸਕੂਟਰ ’ਤੇ ਘਰ ਪਰਤ ਰਹੀ ਔਰਤ ਦੇ ਕੰਨਾਂ ਤੋਂ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਸੋਨੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋਣ ਲੱਗੇ। ਉਸ ਦੀ ਧੀ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਲੁਟੇਰਿਆਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਆਪਣੇ-ਆਪ ਨੂੰ ਘਿਰਦਾ ਦੇਖ ਮੁਲਜ਼ਮ ਤੇਜ਼ ਰਫ਼ਤਾਰ ਨਾਲ ਭੱਜਣ ਲੱਗੇ ਅਤੇ ਰਸਤੇ ’ਚ ਸਕੂਲ ਤੋਂ ਧੀ ਨੂੰ ਲੈ ਕੇ ਆ ਰਹੀ ਇਕ ਹੋਰ ਔਰਤ ਦੇ ਸਕੂਟਰ ਨਾਲ ਟਕਰਾ ਗਏ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਦੋਵਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਔਰਤ ਦੀ ਪਛਾਣ ਨੰਦਨਪੁਰ ਰੋਡ ਵਾਸੀ ਸੁਰਿੰਦਰ ਕੌਰ ਵਜੋਂ ਹੋਈ ਹੈ। ਉਹ ਆਪਣੀ ਧੀ ਨਾਲ ਸਕੂਟਰ ’ਤੇ ਸ਼ਹਿਰ ਤੋਂ ਘਰ ਪਰਤ ਰਹੀ ਸੀ। ਸੁਰਿੰਦਰ ਕੌਰ ਦੇ ਪਿਤਾ ਭਾਰਤੀ ਫੌਜ ਤੋਂ ਸੇਵਾਮੁਕਤ ਹਨ। ਉਨ੍ਹਾਂ ਦੱਸਿਆ ਕਿ ਨੰਦਨਪੁਰ ਰੋਡ ’ਤੇ ਪਿੱਛੋਂ ਆਏ ਦੋਵਾਂ ਨੌਜਵਾਨਾਂ ਨੇ ਅਚਾਨਕ ਉਨ੍ਹਾਂ ਦੇ ਦੋਵਾਂ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ। ਅਚਾਨਕ ਹੋਏ ਹਮਲੇ ਕਾਰਨ ਸਕੂਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈਆਂ। ਸੁਰਿੰਦਰ ਕੌਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਉਨ੍ਹਾਂ ਨਾਲ ਇਸੇ ਤਰ੍ਹਾਂ ਦੀ ਸਨੈਚਿੰਗ ਹੋਈ ਸੀ ਅਤੇ ਉਸ ਸਮੇਂ ਵੀ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਸਨ। ਇਸ ਵਾਰ ਉਨ੍ਹਾਂ ਦੀਆਂ ਅੱਠ-ਅੱਠ ਗ੍ਰਾਮ ਦੀਆਂ ਦੋਵੇਂ ਸੋਨੇ ਦੀਆਂ ਵਾਲੀਆਂ ਸੜਕ ’ਤੇ ਡਿੱਗ ਗਈਆਂ।
----------------------------
ਮੁਲਜ਼ਮਾਂ ਨੇ ਖ਼ੁਦ ਦੱਸਿਆ ਬੇਕਸੂਰ
ਵਾਰਦਾਤ ਤੋਂ ਬਾਅਦ ਧੀ ਵੱਲੋਂ ਰੌਲਾ ਪਾਉਣ ’ਤੇ ਉੱਥੋਂ ਲੰਘ ਰਹੇ ਐਕਟਿਵਾ ਚਾਲਕ ਸੁਰਜੀਤ ਸਿੰਘ ਨੇ ਤੁਰੰਤ ਲੁਟੇਰਿਆਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਉਸ ਨੇ ਅੱਗੇ ਜਾ ਰਹੇ ਇੱਕ ਹੋਰ ਮੋਟਰਸਾਈਕਲ ਸਵਾਰ ਤੋਂ ਵੀ ਮਦਦ ਮੰਗੀ। ਦੋਵਾਂ ਪਾਸਿਆਂ ਤੋਂ ਘਿਰਦੇ ਦੇਖ ਮੁਲਜ਼ਮਾਂ ਨੇ ਰਫ਼ਤਾਰ ਵਧਾ ਦਿੱਤੀ। ਭੱਜਣ ਦੌਰਾਨ ਉਨ੍ਹਾਂ ਦੀ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਇੱਕ ਐਕਟਿਵਾ ਨਾਲ ਟਕਰਾ ਗਈ। ਇਸ ਐਕਟਿਵਾ ’ਤੇ ਇੱਕ ਮਹਿਲਾ ਆਪਣੀ ਧੀ ਨੂੰ ਸਕੂਲ ਤੋਂ ਲੈ ਕੇ ਘਰ ਪਰਤ ਰਹੀ ਸੀ। ਟੱਕਰ ਕਾਰਨ ਮਾਂ-ਧੀ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਕੁਝ ਦੇਰ ਬਾਅਦ ਮੌਕੇ ’ਤੇ ਪਹੁੰਚੀ ਪੀੜਤ ਮਾਂ-ਧੀ ਨੇ ਦੋਵਾਂ ਦੀ ਪਛਾਣ ਕਰ ਦਿੱਤੀ।
-----------------------
ਸੜਕ ’ਤੇ ਮਿਲੀਆਂ ਵਾਲੀਆਂ, ਬਿਜਲੀ ਮੁਲਾਜ਼ਮ ਨੇ ਵਾਪਸ ਕੀਤੀਆਂ
ਕਾਬੂ ਕੀਤੇ ਜਾਣ ਤੋਂ ਬਾਅਦ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ, ਪਰ ਮੁੱਢਲੀ ਜਾਂਚ ਦੌਰਾਨ ਵਾਲੀਆਂ ਉਨ੍ਹਾਂ ਕੋਲੋਂ ਨਹੀਂ ਮਿਲੀਆਂ। ਇਸ ਕਾਰਨ ਕੁਝ ਸਮੇਂ ਲਈ ਮੌਕੇ ’ਤੇ ਦੁਚਿੱਤੀ ਦੀ ਸਥਿਤੀ ਬਣੀ ਰਹੀ। ਇਸੇ ਦੌਰਾਨ ਬਿਜਲੀ ਵਿਭਾਗ ਦੇ ਮੁਲਾਜ਼ਮ ਵਿਵੇਕ ਨੇ ਆਲੇ-ਦੁਆਲੇ ਸੜਕ ’ਤੇ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਉਸ ਨੂੰ ਦੋਵੇਂ ਸੋਨੇ ਦੀਆਂ ਵਾਲੀਆਂ ਸੜਕ ਕਿਨਾਰੇ ਡਿੱਗੀਆਂ ਹੋਈਆਂ ਮਿਲ ਗਈਆਂ। ਵਿਵੇਕ ਨੇ ਦੋਵੇਂ ਵਾਲੀਆਂ ਪੀੜਤਾ ਨੂੰ ਵਾਪਸ ਸੌਂਪ ਦਿੱਤੀਆਂ।
------------------------
ਅੰਮ੍ਰਿਤਸਰ ਨਾਲ ਸਬੰਧ ਹੋਣ ਦੀ ਗੱਲ
ਘਟਨਾ ਦੀ ਸੂਚਨਾ ਇਲਾਕਾ ਵਾਸੀ ਸੁਖਵਿੰਦਰ ਸਿੰਘ, ਨੀਰਜ ਕਪੂਰ, ਕਰਮਜੀਤ ਸਿੰਘ ਅਤੇ ਹਰਪ੍ਰੀਤ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਸਬੰਧ ਅੰਮ੍ਰਿਤਸਰ ਨਾਲ ਦੱਸਿਆ ਹੈ। ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਵਾਂ ਨੇ ਇਸ ਤੋਂ ਪਹਿਲਾਂ ਅਜਿਹੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।