- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਦੀ ਜ਼ਮੀਨ ’ਤੇ ਝੁੱਗੀਆਂ ਦਾ ₹12,10,290 ਬਿਜਲੀ ਬਿੱਲ ਬਕਾਇਆ

-ਮੰਦਰ ਦੇ ਨਾਂ ਇਕ ਮੀਟਰ ਤੇ ਦਰਜਨਾਂ ਝੁੱਗੀਆਂ ‘ਚ ਸਪਲਾਈ
-ਵਿਭਾਗ ਵੱਲੋਂ ਕਾਰਵਾਈ ਦੇ ਨਾਂ ‘ਤੇ ਸਿਰਫ ਕੁਨੈਕਸ਼ਨ ਕੱਟਿਆ
-ਸਰਕਾਰੀ ਜ਼ਮੀਨ ’ਤੇ ਵੱਸਿਆ ‘ਬਿਜਲੀ ਦਾ ਜਾਲ’
ਲਖਬੀਰ ਪੰਜਾਬੀ ਜਾਗਰਣ ਜਲੰਧਰ,
ਉਂਝ ਤਾਂ ਕਿਸੇ ਦੇ ਘਰ ਜਾਂ ਦੁਕਾਨ ਦਾ ਬਿੱਲ ਕੁਝ ਹਜ਼ਾਰਾਂ ਹੀ ਨਹੀਂ ਬਲਕਿ ਚਾਹੇ ਸੈਂਕੜਿਆਂ ’ਚ ਹੀ ਕਿਉਂ ਨਾ ਹੋਵੇ ਬਿਜਲੀ ਵਿਭਾਗ ਵਾਲੇ ਇਕ-ਦੋ ਮਹੀਨਿਆਂ ਦੇ ਅੰਦਰ-ਅੰਦਰ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਮਲ ‘ਚ ਲੈ ਆਉਂਦੇ ਹਨ ਪਰ ਜਲੰਧਰ ‘ਚ ਇਕ ਅਜਿਹਾ ਵੀ ਮਾਮਲਾ ਹੈ, ਜਿਥੇ ਮਹੀਨਿਆਂ ਨਹੀਂ ਬਲਿਕ ਸਾਲਾਂ ਤੱਕ ਬਿਜਲੀ ਦਾ ਬਿੱਲ ਬਕਾਇਆ ਚੱਲਦਾ ਰਿਹਾ ਤੇ ਬਿੱਲ ਲੱਖਾਂ ਰੁਪਏ ਤੱਕ ਪਹੁੰਚ ਗਿਆ, ਫਿਰ ਵੀ ਕੁਨੈਕਸ਼ਨ ਨਹੀਂ ਕੱਟਿਆ ਗਿਆ। ਸ਼ਿਕਾਇਤਾਂ ਤੋਂ ਬਾਅਦ ਚਾਹੇ ਕੁਨੈਕਸ਼ਨ ਕੱਟ ਦਿੱਤਾ ਗਿਆ ਪਰ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਅੱਜ ਵੀ ਖੜ੍ਹੀ ਹੈ। ਜੀ ਹਾਂ, ਜਲੰਧਰ-ਅੰਮ੍ਰਿਤਸਰ ਹਾਈਵੇ ਦੀ ਸਰਵਿਸ ਰੋਡ ‘ਤੇ ਮਕਸੂਦਾਂ ਫਲਾਈਓਵਰ ਤੋਂ ਠੀਕ ਪਹਿਲਾਂ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਝੁੱਗੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇੰਨਾ ਹੀ ਨਹੀਂ ਇਨ੍ਹਾਂ ਝੁੱਗੀਆਂ ‘ਚ ਬਿਜਲੀ ਦੀ ਸਪਲਾਈ ਵੀ ਲਗਾਤਾਰ ਜਾਰੀ ਰਹੀ ਜਿਸਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਝੁੱਗੀ ਬਸਤੀ ‘ਚ ਬਿਜਲੀ ਕੁਨੈਕਸ਼ਨ ਮੀਟਰ ਨੰਬਰ 3004727113 ਇਕ ਮੰਦਰ ਦੇ ਨਾਂ ‘ਤੇ ਲਿਆ ਹੋਇਆ ਹੈ। ਝੁੱਗੀ-ਝੋਪੜੀ ਵਾਲਿਆਂ ਨੇ ਮੰਦਰ ਦੇ ਨਾਂ ’ਤੇ ਮੀਟਰ ਲਗਵਾ ਕੇ ਦਰਜਨਾਂ ਝੁੱਗੀਆਂ ਨੂੰ ਬਿਜਲੀ ਸਪਲਾਈ ਦਿੱਤੀ ਹੋਈ ਹੈ।
---
12,10,290 ਬਕਾਇਆ ਹੋਣ ’ਤੇ ਜਾਗਿਆ ਵਿਭਾਗ
ਇਸ ਮੀਟਰ ’ਤੇ ਬਿਜਲੀ ਦਾ ਬਕਾਇਆ ₹12,10,290 ਤੱਕ ਪਹੁੰਚ ਗਿਆ। ਸਮਝ ਤੋਂ ਬਾਹਰ ਦੀ ਗੱਲ ਹੈ ਕਿ ਜਦੋਂ ਇੱਕ ਕੁਨੈਕਸ਼ਨ ’ਤੇ ਇੱਕ-ਦੋ ਮਹੀਨੇ ਨਹੀਂ, ਸਗੋਂ ਲੱਖਾਂ ਰੁਪਏ ਦਾ ਬਕਾਇਆ ਲਗਾਤਾਰ ਵੱਧਦਾ ਰਿਹਾ ਤਾਂ ਵਿਭਾਗ ਨੇ ਸਮੇਂ ਸਿਰ ਕਨੈਕਸ਼ਨ ਕਿਉਂ ਨਹੀਂ ਕੱਟਿਆ। ਫਿਲਹਾਲ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਪਰ ਬਾਵਜੂਦ ਇਸਦੇ ਕੁੰਡੀਆਂ ‘ਤੇ ਝੁੱਗੀਆਂ ‘ਚ ਅੱਜ ਵੀ ਬਾਦਸਤੂਰ ਬਿਜਲੀ ਚੱਲ ਰਹੀ ਹੈ।
---
ਮੰਦਰ ਦੇ ਨਾਂ ’ਤੇ ਮੀਟਰ, ਵਰਤੋਂ ਕਿਤੇ ਹੋਰ?
ਜੇਕਰ ਮੀਟਰ ਅਸਲ ’ਚ ਮੰਦਰ ਦੇ ਨਾਂ ’ਤੇ ਜਾਰੀ ਹੋਇਆ ਸੀ ਤਾਂ ਵਿਭਾਗ ਨੂੰ ਇਹ ਵੀ ਸਪੱਸ਼ਟ ਕਰਨਾ ਹੋਵੇਗਾ ਕਿ ਉਸ ਕੁਨੈਕਸ਼ਨ ਦੀ ਮਨਜ਼ੂਰਸ਼ੁਦਾ ਲੋਡ ਸਮਰੱਥਾ ਕੀ ਸੀ ਤੇ ਇਸ ਦੀ ਅਸਲ ਵਰਤੋਂ ਕਿਸ ਮਕਸਦ ਲਈ ਹੋ ਰਹੀ ਸੀ। ਉਕਤ ਮੀਟਰ ਤੋਂ ਕਥਿਤ ਤੌਰ ’ਤੇ ਕਈ ਥਾਵਾਂ ’ਤੇ ਕੁੰਡੀਆਂ ਪਾ ਕੇ ਝੁੱਗੀਆਂ ‘ਚ ਬਿਜਲੀ ਪਹੁੰਚਾਈ ਜਾਂਦੀ ਰਹੀ। ਇਸ ਮਾਮਲੇ ਵਿੱਚ ਸਵਾਲ ਸਿਰਫ ਉਨ੍ਹਾਂ ਲੋਕਾਂ ਤੋਂ ਨਹੀਂ ਬਣਦਾ ਜਿਨ੍ਹਾਂ ਨੇ ਕਥਿਤ ਤੌਰ ’ਤੇ ਕੁੰਡੀਆਂ ਪਾਈਆਂ। ਸਵਾਲ ਉਸ ਸਰਕਾਰੀ ਪ੍ਰਬੰਧ ’ਤੇ ਵੀ ਬਣਦਾ ਹੈ, ਜਿਸ ਦੇ ਸਾਹਮਣੇ ਇਹ ਕਥਿਤ ਨੈੱਟਵਰਕ ਲੰਬੇ ਸਮੇਂ ਤੱਕ ਚੱਲਦਾ ਰਿਹਾ।
--
ਕਈ ਆਉਣਗੇ ਲਟੇਪੇ ‘ਚ
ਇਸ ਪੂਰੇ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਕਾਰਵਾਈ ਸਿਰਫ ਕਥਿਤ ਤੌਰ ’ਤੇ ਕੁੰਡੀਆਂ ਲਗਾਉਣ ਵਾਲਿਆਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਲਪੇਟੇ ਵਿੱਚ ਲੈਣਾ ਚਾਹੀਦਾ ਹੈ, ਕਿਉਂਕਿ 12,10,290 ਲੱਖ ਰੁਪਏ ਦਾ ਬਕਾਇਆ ਜਮ੍ਹਾਂ ਹੋਣ ਤੱਕ ਵਿਭਾਗੀ ਸਿਸਟਮ ਕੀ ਕਰਦਾ ਰਿਹਾ ਹੈ। ਹੁਣ ਇਹ ਮਾਮਲਾ ਸਿਰਫ਼ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਚੁੱਪੀ ਸਾਧਣ ਦਾ ਨਹੀਂ ਸੀ, ਸਗੋਂ ਮੀਟਰ ਨੰਬਰ 3004727113 ਦੀ ਪੂਰੀ ਕਨੈਕਸ਼ਨ ਹਿਸਟਰੀ, ਬਿਲਿੰਗ ਰਿਕਾਰਡ, ਮੀਟਰ ਰੀਡਿੰਗ, ਲੋਡ ਰਿਕਾਰਡ, ਇੰਸਪੈਕਸ਼ਨ ਰਿਪੋਰਟ ਅਤੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਂਚ ਦਾ ਹੈ।
---
ਬਕਾਇਆ ਰਿਕਵਰ ਕੀਤਾ ਜਾ ਰਿਹੈ : ਐਕਸੀਅਨ
ਇਸ ਸਬੰਧੀ ਪੀਐੱਸਪੀਸੀਐੱਲ ਜਲੰਧਰ ਵੈਸਟ ਦੇ ਐਕਸੀਅਨ ਜਸਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮੀਟਰ ‘ਤੇ ਖੜਾ ਬਕਾਇਆ ਹੁਣ ਰਿਕਵਰ ਕੀਤਾ ਜਾ ਰਿਹਾ ਹੈ। ਫਿਲਹਾਲ ਬਕਾਇਆ 12,10,290 ਰੁਪਏ ਤੋਂ ਘੱਟ ਕੇ ਡੇਢ ਕੁ ਲੱਖ ਰੁਪਏ ਦੇ ਕਰੀਬ ਰਹਿ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਝੁੱਗੀਆਂ ਵਾਲਿਆਂ ਖਿਲਾਫ ਕੋਈ ਕ੍ਰਿਮਿਨਲ ਕੇਸ ਨਹੀਂ ਬਣਦਾ ਤਾਂ ਜਵਾਬ ਦਿੱਤਾ ਕਿ ਬਿਜਲੀ ਚੋਰੀ ਕਰਦਿਆਂ ਫੜੇ ਜਾਣ ਤੋਂ ਬਾਅਦ ਹੀ ਕੋਈ ਕੇਸ ਬਣ ਸਕੇਗਾ।