- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੂਗਰ ਮਿੱਲ ਭੋਗਪੁਰ ਦੇ ਆਮ ਇਜਲਾਸ ’ਚ ਬਾਇਓ-ਸੀਐੱਨਜੀ ਪਲਾਂਟ ਖ਼ਿਲਾਫ਼ ਗੂੰਜੇ ਨਾਅਰੇ

-ਮਾਰਕੀਟ ਐਸੋਸੀਏਸ਼ਨ ਤੇ ਕਿਸਾਨ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਲੈ ਕੇ ਕੀਤਾ ਵਿਰੋਧ
-ਮਿੱਲ ਦੀ ਜ਼ਮੀਨ ਵਾਪਸ ਕਰਨ ਤੇ ਪਲਾਂਟ ਖ਼ਿਲਾਫ਼ ਮਤਾ ਪਾਉਣ ਦੀ ਮੰਗ
ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ,
ਭੋਗਪੁਰ : ਸ਼ੂਗਰ ਮਿੱਲ ਭੋਗਪੁਰ ਦੇ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ ਮਿੱਲ ਪ੍ਰਬੰਧਕਾਂ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਆਗਾਮੀ ਗੰਨਾ ਪਿੜਾਈ ਸੀਜ਼ਨ 2026-27 ਨੂੰ ਲੈ ਕੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ, ਉਨ੍ਹਾਂ ਦੇ ਸੁਝਾਵਾਂ ਤੇ ਮਿੱਲ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਿਛਲੇ ਸਾਲ 29 ਸਤੰਬਰ 2025 ਨੂੰ ਹੋਏ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ, ਸਾਲ 2025-26 ਦੀ ਬੈਲੈਂਸ ਸ਼ੀਟ ਤੇ ਨਫ਼ਾ-ਨੁਕਸਾਨ ਦੀ ਮਨਜ਼ੂਰੀ ਸਮੇਤ ਮਿੱਲ ਦੇ ਹਿੱਤ ’ਚ ਸਟੋਰ ਤੇ ਖੰਡ ਦੀ ਕੈਸ਼ ਕਰੈਡਿਟ ਲਿਮਟ ਸਬੰਧੀ ਏਜੰਡੇ ’ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਜਲੰਧਰ ਤੋਂ ਡਾ. ਜਤਨ ਕੌਰ ਨੇ ਗੰਨੇ ਦੀ ਫ਼ਸਲ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਖਾਦਾਂ ਅਤੇ ਗੰਨੇ ਦੀਆਂ ਅਗੇਤੀਆਂ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਤੋਂ ਗੰਨੇ ਦੀਆਂ ਅਗੇਤੀਆਂ ਕਿਸਮਾਂ ਲਿਆ ਕੇ ਭੋਗਪੁਰ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਦੌਰਾਨ ਮਾਰਕੀਟ ਐਸੋਸੀਏਸ਼ਨ ਭੋਗਪੁਰ ਪ੍ਰਧਾਨ ਸ੍ਰੀ ਵਿਸ਼ਾਲ ਬਹਿਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਾਜਕੁਮਾਰ ਰਾਜਾ ਜੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਲੈ ਕੇ ਆਮ ਇਜਲਾਸ ਵਿੱਚ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਮਿੱਲ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਟੇਜ ਦੇ ਸਾਹਮਣੇ ਬੈਠ ਕੇ ਬਾਇਓ-ਸੀਐੱਨਜੀ ਗੈਸ ਪਲਾਂਟ ਦਾ ਵਿਰੋਧ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਬਾਇਓ-ਸੀਐੱਨਜੀ ਪਲਾਂਟ ਲਈ ਦਿੱਤੀ ਗਈ ਮਿੱਲ ਦੀ ਜ਼ਮੀਨ ਵਾਪਸ ਕੀਤੀ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅੱਜ ਦੇ ਆਮ ਇਜਲਾਸ ਵਿੱਚ ਉਸਾਰੀ ਅਧੀਨ ਬਾਇਓ-ਸੀਐੱਨਜੀ ਪਲਾਂਟ ਦੇ ਵਿਰੋਧ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਆਗੂਆਂ ਨੇ ਸ਼ੂਗਰ ਮਿੱਲ ਵਿੱਚ ਪਰਾਲੀ ਦੀਆਂ ਗੱਠਾਂ ਲੈ ਕੇ ਆ ਰਹੀਆਂ ਓਵਰਲੋਡ ਟਰਾਲੀਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਲੀਆਂ ਕਾਰਨ ਭੋਗਪੁਰ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ ਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਓਵਰਲੋਡ ਟਰਾਲੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਵੱਲੋਂ ਮੰਗਾਂ ਸਬੰਧੀ ਦੋ ਵੱਖ-ਵੱਖ ਮੰਗ ਪੱਤਰ ਸ਼ੂਗਰ ਮਿੱਲ ਭੋਗਪੁਰ ਦੇ ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਅਨੇਜਾ ਨੂੰ ਸੌਂਪੇ ਗਏ। ਇਸ ਮੌਕੇ ਗੁਰਵਿੰਦਰਜੀਤ ਸਿੰਘ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ, ਸੁਖਪ੍ਰੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ ਸ਼ੂਗਰ ਮਿੱਲ ਭੋਗਪੁਰ, ਮੁਕੇਸ਼ ਚੰਦਰ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਪੰਜਾਬ ਅਤੇ ਮੈਂਬਰ ਐਸ.ਕੇ.ਐਮ., ਬਲਵਿੰਦਰ ਸਿੰਘ ਮੱਲੀ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਹਰਬੋਲਿੰਦਰ ਸਿੰਘ ਬੋਲੀਨਾ ਸਾਬਕਾ ਡਾਇਰੈਕਟਰ ਸ਼ੂਗਰ ਮਿੱਲ, ਡਾ. ਜਤਨ ਕੌਰ ਖੇਤੀਬਾੜੀ ਵਿਭਾਗ ਜਲੰਧਰ, ਵਿਸ਼ਾਲ ਬਹਿਲ ਪ੍ਰਧਾਨ ਮਾਰਕੀਟ ਐਸੋਸੀਏਸ਼ਨ ਭੋਗਪੁਰ, ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ ਅਤੇ ਚਰਨਜੀਤ ਸਿੰਘ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਹਲਕਾ ਭੋਗਪੁਰ ਸਮੇਤ ਹੋਰ ਆਗੂ ਤੇ ਕਿਸਾਨ ਹਾਜ਼ਰ ਸਨ।
ਇਜਲਾਸ ਦੌਰਾਨ ਮਿੱਲ ਦੇ ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਅਨੇਜਾ ਨੇ ਕਿਹਾ ਕਿ ਆਮ ਇਜਲਾਸ ਕੋਲ ਬਾਇਓ-ਸੀਐੱਨਜੀ ਪਲਾਂਟ ਨੂੰ ਰੋਕਣ ਸਬੰਧੀ ਕੋਈ ਅਧਿਕਾਰ ਨਹੀਂ ਹੈ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ ਆਮ ਇਜਲਾਸਾਂ ਵਿੱਚ ਵੀ ਪਲਾਂਟ ਨਾ ਲਗਾਉਣ ਸਬੰਧੀ ਮਤੇ ਪਾਸ ਕੀਤੇ ਗਏ ਸਨ। ਮਿੱਲ ਪ੍ਰਬੰਧਨ ਨੇ ਇਸ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਆਮ ਇਜਲਾਸ ਕੋਲ ਮਿੱਲ ਦੀ ਜ਼ਮੀਨ ’ਤੇ ਸੀਐੱਨਜੀ ਪਲਾਂਟ ਦੀ ਸਥਾਪਨਾ ਰੋਕਣ ਦੀ ਕਾਨੂੰਨੀ ਸ਼ਕਤੀ ਨਹੀਂ ਹੈ। ਇਸ ਤੋਂ ਬਾਅਦ ਆਮ ਇਜਲਾਸ ’ਚ ਪੁੱਜੇ ਕਿਸਾਨਾਂ ਨੇ ਕੁਰਸੀਆਂ ਤੋਂ ਉੱਠ ਕੇ ਜ਼ਮੀਨ ’ਤੇ ਬੈਠ ਕੇ ਇਸ ਗੱਲ ਦਾ ਵਿਰੋਧ ਕੀਤਾ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਜ਼ਮੀਨ ਉਨ੍ਹਾਂ ਨੇ ਗੰਨੇ ਦੇ ਬੀਜ ਤਿਆਰ ਕਰਨ ਦੇ ਉਦੇਸ਼ ਨਾਲ ਮਿੱਲ ਨੂੰ ਦਿੱਤੀ ਸੀ, ਉਹੀ ਜ਼ਮੀਨ ਹੁਣ ਸੀਐੱਨਜੀ ਪਲਾਂਟ ਦੀ ਸਥਾਪਨਾ ਲਈ ਅੱਗੇ ਦਿੱਤੀ ਗਈ ਹੈ। ਪਿਛਲੇ ਨਾਲ ਸਾਲ ਨਾਲੋਂ ਇਸ ਸਾਲ ਗੰਨੇ ਦੀ ਪੈਦਾਵਾਰ ਵੀ ਘਟੀ ਹੈ। ਕਿਸਾਨਾਂ ਤੇ ਇਲਾਕਾ ਵਾਸੀਆਂ ’ਚ ਇਸ ਪਲਾਂਟ ਦੀ ਸਥਾਪਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।