
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਮਲਾ ਲੋਹੇ ਦੇ ਵਪਾਰੀ ਤੋਂ ਲੁੱਟੀ ਗਈ ਲੱਖਾ ਰੁਪਏ ਦੀ ਨਗਦੀ ਦਾ)

ਪ੍ਰੈੱਸ ਕਾਨਫਰਸ ਦੌਰਾਨ ਬਰਾਮਦ ਕੀਤੀ ਗਈ ਨਕਦੀ ਲਲਿਤ ਨੂੰ ਸੌਂਪੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੋਮਵਾਰ 17 ਅਗਸਤ ਦੀ ਰਾਤ ਨੂੰ ਲੋਹੇ ਦੇ ਵਪਾਰੀ ਅਤੇ ਸੀਜੀਐੱਸ ਸਕੂਲ ਦੇ ਮਾਲਕ ਲਲਿਤ ਮਿੱਤਲ ਤੋਂ 72 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾੳਦੇ ਹੋਏ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਕਬਜ਼ੇ ਵਿੱਚੋਂ ਚੋਰੀ ਹੋਈ ਸਾਰੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਲਲਿਤ ਮਿੱਤਲ ਸੋਮਵਾਰ ਰਾਤ ਨੂੰ ਕਾਜ਼ੀ ਮੰਡੀ ਤੋਂ 120 ਫੁੱਟੀ ਸੜਕ ਰਾਹੀਂ ਸੂਰਿਆ ਇਨਕਲੇਵ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਹੋਰ ਵਾਹਨ ’ਚ ਹਥਿਆਰਬੰਦ ਬਦਮਾਸ਼ ਉਸ ਦਾ ਪਿੱਛਾ ਕਰ ਰਹੇ ਸਨ। ਜਦੋਂ ਉਸ ਦੀ ਗੱਡੀ ਇੱਕ ਸੁੰਨਸਾਨ ਇਲਾਕੇ ’ਚ ਪੁੱਜੀ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕਿਆ ਤੇ ਤੇਜ ਦਾ ਹਥਿਆਰਾਂ ਨਾਲ ਕਾਰ ਦੇ ਸ਼ੀਸ਼ੇ ਭੰਨ ਕੇ ਕਾਰ ਵਿੱਚ ਪਏ ਦੋ ਬੈਗ ਜਿਨ੍ਹਾਂ ’ਚ 72 ਲੱਖ ਰੁਪਏ ਦੀ ਨਕਦੀ ਸੀ, ਲੈ ਕੇ ਮੌਕੇ ਤੋਂ ਫਰਾਰ ਗਏ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਤੇ ਡੀਸੀਪੀ ਜਾਂਚ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਏਡੀਸੀਪੀ ਜਾਂਚ ਦੇਵ ਸਿੰਘ ਤੇ ਏਡੀਸੀਪੀ-1 ਮੁਖਤਿਆਰ ਰਾਏ ਦੀ ਨਿਗਰਾਨੀ ਹੇਠ ਏਸੀਪੀ ਕੇਂਦਰੀ ਰਾਜੇਸ਼ ਠਾਕੁਰ, ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ, ਐੱਸਆਈ ਮਨਜਿੰਦਰ ਸਿੰਘ, ਇੰਸਪੈਕਟਰ ਸਰਬਜੀਤ ਸਿੰਘ ਤੇ ਰਾਮਾ ਮੰਡੀ ਦੇ ਐੱਸਐੱਚਓ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਇਕ ਸਾਂਝਾ ਆਪ੍ਰੇਸ਼ਨ ਚਲਾਇਆ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਕਾਸ ਵਾਸੀ ਪਿੰਡ ਪੱਡਾ, ਟਿੱਬਰ ਥਾਣਾ, ਗੁਰਦਾਸਪੁਰ, ਰਣਜੀਤ ਸਿੰਘ ਵਾਸੀ ਨਵੀ ਬਰਾਦਰੀ ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ, ਸੰਨੀ ਖੋਸਲਾ ਉਰਫ਼ ਮੋਨਾ ਵਾਸੀ ਗੁਰੂ ਅਮਰਦਾਸ ਨਗਰ, ਵੇਰਕਾ ਮਿਲਕ ਪਲਾਂਟ, ਜਲੰਧਰ, ਹਰਦੀਪ ਸਿੰਘ ਉਰਫ਼ ਦੀਪੂ ਵਾਸੀ ਪਿੰਡ ਵਡਾਲਾ ਕਲਾਂ, ਕਪੂਰਥਲਾ, ਰਾਜਵੀਰ ਗਿੱਲ ਉਰਫ਼ ਗਿੱਲ ਸਾਹਿਬ ਵਾਸੀ ਪਿੰਡ ਨੰਦਨਪੁਰ, ਮਕਸੂਦਾਂ ਜਲੰਧਰ ਅਤੇ ਸਾਹਿਲ ਵਾਸੀ ਪਿੰਡ ਪੱਡਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਰਿਕਾਰਡ ਅਨੁਸਾਰ ਵਿਕਾਸ ਵਿਰੁੱਧ ਪਹਿਲਾਂ ਹੀ ਛੇ ਮਾਮਲੇ ਦਰਜ ਹਨ। ਹਰਦੀਪ ਸਿੰਘ, ਸਾਹਿਲ ਤੇ ਰਾਜਵੀਰ ਗਿੱਲ ਵਿਰੁੱਧ ਇੱਕ-ਇੱਕ ਮਾਮਲਾ ਦਰਜ ਹੈ। ਹਾਲਾਂਕਿ, ਰਣਜੀਤ ਸਿੰਘ ਤੇ ਸੰਨੀ ਉਰਫ਼ ਮੋਨਾ ਵਿਰੁੱਧ ਪਹਿਲਾਂ ਹੋਏ ਕਿਸੇ ਵੀ ਮਾਮਲੇ ਦਰਜ ਨਹੀਂ ਹੈ।
ਪੁਲਿਸ ਨੇ ਮੁਲਜ਼ਮਾਂ ਤੋਂ ਲੁੱਟੀ ਗਈ 72 ਲੱਖ ਰੁਪਏ ਦੀ ਸਾਰੀ ਨਕਦੀ, ਦੋ ਬਿਨਾਂ ਨੰਬਰ ਵਾਲੀਆਂ ਕਾਰਾਂ, ਇਕ ਹੌਂਡਾ ਅਮੇਜ਼ ਤੇ ਇਕ ਟੋਇਟਾ ਈਟੀਓਸ, ਦੋ ਮੋਬਾਈਲ ਫੋਨ, ਇਕ ਬੇਸਬੈਟ ਅਤੇ ਡੰਡਾ ਬਰਾਮਦ ਕੀਤਾ। ਪੁਲਿਸ ਅਨੁਸਾਰ ਇਨ੍ਹਾਂ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਦੇ ਆਧਾਰ 'ਤੇ ਅਪਰਾਧ ਦੀ ਜਾਂਚ ਅੱਗੇ ਵਧ ਰਹੀ ਹੈ।
ਸੀਪੀ ਨੇ ਦੱਸਿਆ ਕਿ ਮੁਲਜ਼ਮ ਲਗਭਗ ਡੇਢ ਮਹੀਨੇ ਤੋਂ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ '120-ਫੁੱਟੀ ਸੜਕ' ਦਾ ਇੱਕ ਹਿੱਸਾ ਚੁਣਿਆ। ਪੁਲਿਸ ਅਨੁਸਾਰ ਉਨ੍ਹਾਂ ਨੇ ਉਸ ਇਲਾਕੇ ਵਿਚ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਦੀ ਘਾਟ ਦਾ ਫਾਇਦਾ ਉਠਾਉਣ ਦੀ ਵੀ ਯੋਜਨਾ ਬਣਾਈ ਸੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸਾਰੀ ਬਰਾਮਦ ਕੀਤੀ ਗਈ ਨਕਦੀ ਲਲਿਤ ਮਿੱਤਲ ਨੂੰ ਸੌਂਪ ਦਿੱਤੀ। ਲਲਿਤ ਮਿੱਤਲ ਨੇ ਜਲੰਧਰ ਪੁਲਿਸ ਦਾ ਧੰਨਵਾਦ ਕੀਤਾ ਹੈ।