
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਮੰਗੀ ਖੈਰ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਰਿਸ਼ਤਿਆਂ ਦੀ ਡੋਰ ਸਭ ਤੋਂ ਪਿਆਰੀ ਹੁੰਦੀ ਹੈ ਤੇ ਸਾਰੇ ਰਿਸ਼ਤਿਆਂ ’ਚੋਂ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਮਹੱਤਵਪੁਰਣ ਹੁੰਦਾ ਹੈ। ਇਸ ਰਿਸ਼ਤੇ ਲਈ ਇਕ ਵੱਖਰਾ ਤਿਉਹਾਰ ਹੈ ਰੱਖੜੀ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬਨ੍ਹ ਕੇ ਭਰਾ ਦੀ ਲੰਬੀ ਉਮਰ ਤੇ ਤਰੱਕੀ ਦੀ ਕਾਮਨਾ ਕਰਦੀਆਂ ਹਨ। ਰੱਖੜੀ ਇਕ ਧਾਗਾ ਨਹੀਂ ਸਗੋਂ ਵਿਸ਼ਵਾਸ ਤੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਦੂਜੇ ਸ਼ਬਦਾਂ ’ਚ ਭੈਣ ਦੀਆਂ ਦੁਆਵਾਂ ਤੇ ਭਰਾ ਦੇ ਸਾਥ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ। ਬਚਪਨ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਤੋਂ ਲੈ ਕੇ ਜ਼ਿੰਦਗੀ ਭਰ ਹਰ ਮੌੜ ’ਤੇ ਇਕ ਦੂਜੇ ਦਾ ਸਾਥ ਨਿਭਾਉਣਾ ਹੀ ਭੈਣ ਭਰਾ ਦਾ ਰਿਸ਼ਤਾ ਹੁੰਦਾ ਹੈ। ਹਰ ਭੈਣ ਨੂੰ ਇਹ ਆਸ ਹੁੰਦੀ ਹੈ ਕਿ ਮੇਰਾ ਭਰਾ ਹਰ ਵੇਲੇ ਮੇਰੇ ਨਾਲ ਖੜ੍ਹੇ। ਸ਼ੁੱਕਰਵਾਰ ਭੈਣਾਂ ਨੇ ਸਵੇਰ ਹੁੰਦਿਆਂ ਹੀ ਪੂਜਾ ਕਰਕੇ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬਨ੍ਹੀ ਤੇ ਮੱਥੇ ’ਤੇ ਟਿਕਾ ਲਗਾ ਕੇ ਪਰਮਾਤਮਾ ਕੋਲੋਂ ਆਪਣੇ ਵੀਰ ਦੀ ਲੰਬੀ ਉਮਰ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਭਾਬੀਆਂ ਤੇ ਭਤੀਜਿਆਂ ਦੇ ਵੀ ਰੱਖੜੀ ਬਨ੍ਹੀ। ਵੀਰਾਂ ਨੇ ਵੀ ਪਿਆਰ ਦੇ ਰੂਪ ’ਚ ਤੋਹਫੇ ਦਿਤੇ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ’ਚ ਕਈ ਥਾਵਾਂ ਦੇ ਸਮਾਗਮ ਵੀ ਹੋਏ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਾਰਾ ਦਿਨ ਬਾਜ਼ਾਰਾਂ ਵੀ ਰੌਣਕ ਲੱਗੀ ਰਹੀ। ਬਾਅਦ ਦੁਪਹਿਰ ਤੱਕ ਔਰਤਾਂ ਰੱਖੜੀ ਖਰੀਦਦੀਆਂ ਨਜ਼ਰ ਆਈਆਂ। ਮਠਿਆਈ ਵਾਲੀਆਂ ਦੁਕਾਨਾਂ ’ਤੇ ਵੀ ਸਾਰਾ ਦਿਨ ਭੀੜ ਰਹੀ। ਸਿਆਸਤਦਾਨਾਂ ਨੇ ਸੰਸਥਾਵਾਂ ’ਚ ਪੁੱਜ ਕੇ ਰੱਖੜੀ ਦਾ ਤਿਉਹਾਰ ਮਨਾਇਆ। ਸਕੂਲਾਂ ’ਚ ਵਿਦਿਆਰਥੀਆਂ ਨੇ ਵੱਖ-ਵੱਖ ਡਿਜ਼ਾਈਨਾਂ ਦੀਆਂ ਰੱਖੜੀਆਂ ਬਣਾਈਆਂ।
------------------------
ਆਪਸੀ ਭਾਈਚਾਰਕ ਏਕਤਾ ਦਾ ਦਿੱਤਾ ਸਦੇਸ਼
ਰੱਖੜੀ ਵਾਲੇ ਦਿਨ ਜਲੰਧਰ ’ਚ ਹਿੰਦੂ-ਮੁਸਲਿਮ ਭਾਈਚਾਰੇ ਦੀ ਇਕ ਸੁੰਦਰ ਤਸਵੀਰ ਦੇਖਣ ਨੂੰ ਮਿਲੀ, ਜੋ ਸਮਾਜਿਕ ਏਕਤਾ ਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ। ਰੱਖੜੀ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਮਾਤ ਸਲਮਾਨੀ ਆਫ਼ ਇੰਡੀਆ ਦੇ ਨੇਤਾ ਅਖਤਰ ਸਲਮਾਨੀ ਨੂੰ ਰੱਖੜੀ ਬੰਨ੍ਹੀ, ਜਿਸ ਨਾਲ ਭਰਾ-ਭੈਣ ਦੇ ਰਿਸ਼ਤੇ ਦੀ ਨੇੜਤਾ ਨੂੰ ਇਕ ਨਵਾਂ ਆਯਾਮ ਮਿਲਿਆ। ਰੱਖੜੀ ਬੰਨ੍ਹਣ ਤੋਂ ਬਾਅਦ ਅਖਤਰ ਸਲਮਾਨੀ ਨੇ ਕਿਹਾ ਕਿ ਇਹ ਹਿੰਦੂ-ਮੁਸਲਿਮ ਏਕਤਾ ਤੇ ਆਪਸੀ ਭਾਈਚਾਰੇ ਦੀ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਲੋਕ ਇਕ ਦੂਜੇ ਦੇ ਤਿਉਹਾਰਾਂ ’ਚ ਹਿੱਸਾ ਲੈਂਦੇ ਹਨ ਤੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਸਲਮਾਨੀ ਨੇ ਕਿਹਾ ਕਿ ਰੱਖੜੀ ਵਰਗੇ ਤਿਉਹਾਰ ਸਮਾਜ ’ਚ ਪਿਆਰ, ਵਿਸ਼ਵਾਸ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਮੌਕੇ ਲੋਕਾਂ ਨੂੰ ਧਰਮ ਤੇ ਵਿਸ਼ਵਾਸਾਂ ਤੋਂ ਉੱਪਰ ਉੱਠਣ ਤੇ ਮਨੁੱਖਤਾ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੇ ਹਨ। ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਦੀ ਰਵਾਇਤ ਰਹੀ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਧਰਮਾਂ ਦੇ ਤਿਉਹਾਰ ਇਕੱਠੇ ਮਨਾਉਂਦੇ ਹਨ। ਇਕ ਦੂਜੇ ਦੀਆਂ ਖੁਸ਼ੀਆਂ ਤੇ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਭਾਰਤੀ ਸੱਭਿਆਚਾਰ ਦੀ ਸੁੰਦਰਤਾ ਹੈ।