- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਇਕ ਅੰਗਦ ਤਲਵਾੜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਮੁਆਫੀਨਾਮਾ ਦਿੱਤਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਜਲੰਧਰ ਜਿਮਖਾਨਾ ਕਲੱਬ ਦੀ ਘਟਨਾ ਨੂੰ ਲੈ ਕੇ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਜਲੰਧਰ ਜਿਮਖਾਨਾ ਕਲੱਬ ਅੰਦਰ ਭਜਨ ਬੰਦਗੀ ਦੇ ਨਾਮ ’ਤੇ ਕੀਤੇ ਪ੍ਰੋਗਰਾਮ ਦੌਰਾਨ ਗਾਇਕ ਅੰਗਦ ਤਲਵਾਰ ਵੱਲੋਂ ਗੁਰਬਾਣੀ ਨੂੰ ਤੋੜ ਮੋੜ ਕੇ ਗਾਉਣ ’ਤੇ ਸਿੱਖ ਜਥੇਬੰਦੀਆਂ ਵੱਲੋਂ ਇਕ ਲਿਖਤੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ 21 ਮੈਂਬਰੀ ਕਮੇਟੀ ਦਾ ਗਠਨ ਕਰਕੇ ਸਿੱਖ ਸੰਗਤਾਂ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਤੀ ਅਪੀਲ ਕੀਤੀ ਗਈ ਕਿ ਇਸ ਮਾਮਲੇ ’ਚ ਦਖਲ ਦੇ ਕੇ ਬਣਦੀ ਕਾਰਵਾਈ ਕੀਤੀ ਜਾਵੇ। ਜਿਸ ਤੋਂ ਉਪਰੰਤ ਅੱਜ ਅੰਗਦ ਤਲਵਾੜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੀਆਂ ਕੀਤੀਆਂ ਗਲਤੀਆਂ ਨੂੰ ਮੰਨਦੇ ਹੋਏ ਲਿਖਤੀ ਮੁਆਫੀਨਾਮਾ ਅਕਾਲ ਤਖਤ ਸਾਹਿਬ ਦਿੱਤਾ ਗਿਆ ਤੇ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦੇ ਹੋਏ ਉਨ੍ਹਾਂ ਵੱਲੋਂ ਜੋ ਵੀ ਫ਼ੈਸਲਾ ਇਸ ਮਸਲੇ ’ਚ ਲਿਆ ਜਾਵੇਗਾ। ਉਸ ਲਈ ਗਾਇਕ ਵੱਲੋਂ ਸਹਿਮਤੀ ਦਿੱਤੀ ਗਈ। ਹਰਜਿੰਦਰ ਸਿੰਘ ਜਿੰਦਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉਚ ਸੰਸਥਾ ਹੈ ਅਸੀਂ ਸਾਰੇ ਸਿੱਖ ਸ੍ਰੀਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਫੈਸਲੇ ਦਾ ਪੂਰਨ ਸਮਰਥਨ ਕਰਾਂਗੇ ਤੇ ਜੋ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਵੇ ਉਹ ਇਕ ਮਿਸਾਲ ਬਣੇ ਤਾਂ ਜੋ ਇਹੋ ਜਿਹੀ ਘਟਨਾ ਦੁਬਾਰਾ ਕੋਈ ਵੀ ਕਰਨ ’ਤੇ ਗੁਰੇਜ ਕਰੇ। ਇਸ ਮੌਕੇ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਦੁਆਰਾ ਦਸ਼ਮੇਸ਼ ਨਗਰ ਦੇ ਪ੍ਰਧਾਨ ਪਰਮਿੰਦਰ ਸਿੰਘ, ਗੁਰਦੁਆਰਾ ਬਸਤੀ ਦਾਨਿਸ਼ਮੰਦਾਂ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ, ਆਵਾਜ਼-ਏ-ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਬਲਦੇਵ ਸਿੰਘ, ਮਨਦੀਪ ਸਿੰਘ, ਜਸਵੰਤ ਸਿੰਘ ਸੁਭਾਨਾ, ਅਮਰਿੰਦਰ ਸਿੰਘ ਆਦਿ ਸ਼ਾਮਲ ਸਨ।