- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਤਹਿਸੀਲ ਕੰਪਲੈਕਸ 'ਚ ਰਿਹਾ ਸੰਨਾਟਾ

----ਡਰਾਈਵਿੰਗ ਟ੍ਰੈਕ ’ਤੇ ਰੌਣਕ ਰਹੀ ਬਰਕਰਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਛਾਉਣੀ ਸਮੇਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਵਰਚੁਅਲ ਉਦਘਾਟਨ ਦੇ ਸਬੰਧ ’ਚ ਰੱਖੇ ਗਏ ਪ੍ਰੋਗਰਾਮ ਦਾ ਅਸਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਸਾਫ਼ ਦੇਖਣ ਨੂੰ ਮਿਲਿਆ। ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀਆਂ ਵੀਆਈਪੀ ਡਿਊਟੀਆਂ ਕਾਰਨ ਕੰਪਲੈਕਸ ’ਚ ਆਮ ਦਿਨਾਂ ਦੇ ਮੁਕਾਬਲੇ ਬੇਹੱਦ ਸ਼ਾਂਤ ਮਾਹੌਲ ਰਿਹਾ। ਜਿੱਥੇ ਸਬ-ਰਜਿਸਟਰਾਰ ਦਫ਼ਤਰ 1 ’ਚ ਰਜਿਸਟ੍ਰੇਸ਼ਨ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ, ਉੱਥੇ ਹੀ ਸਬ-ਰਜਿਸਟਰਾਰ ਦਫ਼ਤਰ 2 ’ਚ ਵੀ ਔਸਤ ਨਾਲੋਂ ਕਾਫ਼ੀ ਘੱਟ ਕੰਮ ਹੋਇਆ। ਦੂਜੇ ਪਾਸੇ, ਬੱਸ ਸਟੈਂਡ ਨੇੜੇ ਸਥਿਤ ਡਰਾਈਵਿੰਗ ਟੈਸਟ ਟ੍ਰੈਕ 'ਤੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਕੋਈ ਅਸਰ ਨਹੀਂ ਦੇਖਿਆ ਗਿਆ ਤੇ ਉੱਥੇ ਕੰਮਕਾਜ ਆਮ ਵਾਂਗ ਚੱਲਦਾ ਰਿਹਾ।
----------
ਸਰਕਾਰੀ ਦਫ਼ਤਰਾਂ 'ਚ ਸਟਾਫ਼ ਮੌਜੂਦ ਪਰ ਲੋਕ ਗਾਇਬ
ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਜ਼ਿਆਦਾਤਰ ਦਫ਼ਤਰਾਂ ’ਚ ਸਟਾਫ਼ ਤਾਂ ਡਿਊਟੀ 'ਤੇ ਮੌਜੂਦ ਸੀ, ਪਰ ਆਪਣੀਆਂ ਸੇਵਾਵਾਂ ਲਈ ਆਉਣ ਵਾਲੇ ਆਮ ਲੋਕਾਂ ਦੀ ਗਿਣਤੀ ਨਾਮਾਤਰ ਰਹੀ। ਤਹਿਸੀਲ ’ਚ ਕੰਮ ਦੇ ਘਟਣ ਕਾਰਨ ਵਸੀਕਾ ਨਵੀਸਾਂ (ਡੀਡ ਰਾਈਟਰਾਂ) ਤੇ ਇਸ ਕਿੱਤੇ ਨਾਲ ਜੁੜੇ ਹੋਰ ਸਹਾਇਕ ਲੋਕਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
-------------
ਦਫ਼ਤਰ 1 ਤੇ ਦਫ਼ਤਰ 2 ਦੇ ਹਾਲਾਤ
ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਦੀ ਡਿਊਟੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਪ੍ਰਬੰਧਾਂ ’ਚ ਲੱਗਣ ਕਾਰਨ ਉਹ ਦਫ਼ਤਰ ’ਚ ਹਾਜ਼ਰ ਨਹੀਂ ਸਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਥਾਂ 'ਤੇ ਕਿਸੇ ਹੋਰ ਅਧਿਕਾਰੀ ਦਾ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਇਕ ਵੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਅਪੌਇੰਟਮੈਂਟ ਲੈ ਕੇ ਪਹੁੰਚੇ ਲਗਭਗ 10 ਲੋਕਾਂ ਨੂੰ ਬਿਨਾਂ ਕੰਮ ਕਰਵਾਏ ਨਿਰਾਸ਼ ਪਰਤਣਾ ਪਿਆ। ਇਸੇ ਤਰ੍ਹਾਂ ਸਬ-ਰਜਿਸਟਰਾਰ ਗੁਰਸਿਮਰਨਜੀਤ ਸਿੰਘ ਤੇ ਰਵਨੀਤ ਕੌਰ ਮੌਜੂਦ ਸਨ, ਪਰ ਆਮ ਦਿਨਾਂ ਦੀ ਤੁਲਨਾ ’ਚ ਇੱਥੇ ਵੀ ਬਹੁਤ ਘੱਟ ਲੋਕ ਪਹੁੰਚੇ। ਦੁਪਹਿਰ 2 ਵਜੇ ਤੱਕ ਸਿਰਫ਼ 30 ਦਸਤਾਵੇਜ਼ ਹੀ ਰਜਿਸਟਰ ਕੀਤੇ ਜਾ ਸਕੇ। ਇਸ ਤੋਂ ਬਾਅਦ ਅਧਿਕਾਰੀ ਗੁਰਸਿਮਰਨ ਸਿੰਘ ਵੀ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਡਿਊਟੀ ਲਈ ਰਵਾਨਾ ਹੋ ਗਏ। ਆਪਣੀ ਡੀਡ ਰਜਿਸਟਰ ਕਰਵਾਉਣ ਆਏ ਅੰਮ੍ਰਿਤਪਾਲ ਸਿੰਘ ਨੇ ਪ੍ਰਸ਼ਾਸਨਿਕ ਢਾਂਚੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਵੀ ਕਿਸੇ ਅਧਿਕਾਰੀ ਦੀ ਡਿਊਟੀ ਵੀਆਈਪੀ ਪ੍ਰੋਗਰਾਮਾਂ ’ਚ ਲਗਾਈ ਜਾਂਦੀ ਹੈ, ਤਾਂ ਆਮ ਜਨਤਾ ਦੀ ਖ਼ੱਜਲ-ਖ਼ੁਆਰੀ ਨੂੰ ਬਚਾਉਣ ਲਈ ਦਫ਼ਤਰ ’ਚ ਤੁਰੰਤ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
----------
ਡਰਾਈਵਿੰਗ ਟਰੈਕ ਆਮ ਵਾਂਗ ਚੱਲਿਆ
ਵੀਆਈਪੀ ਡਿਊਟੀਆਂ ਦੀ ਹਲਚਲ ਦੇ ਵਿਚਕਾਰ, ਬੱਸ ਸਟੈਂਡ ਨੇੜੇ ਬਣੇ ਡਰਾਈਵਿੰਗ ਟੈਸਟ ਟਰੈਕ 'ਤੇ ਸਥਿਤੀ ਬਿਲਕੁਲ ਵੱਖਰੀ ਸੀ। ਇੱਥੇ ਸਵੇਰ ਤੋਂ ਹੀ ਲਰਨਿੰਗ ਤੇ ਪੱਕੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਬਿਨੈਕਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸਟਾਫ਼ ਵੱਲੋਂ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ, ਬਾਇਓਮੈਟ੍ਰਿਕ ਪ੍ਰਕਿਰਿਆਵਾਂ ਤੇ ਡਰਾਈਵਿੰਗ ਟੈਸਟ ਲੈਣ ਦਾ ਕੰਮ ਪੂਰੀ ਸੁਚਾਰੂਤਾ ਨਾਲ ਜਾਰੀ ਰੱਖਿਆ ਗਿਆ।