ਸਰਕਾਰੀ ਦਫ਼ਤਰਾਂ ’ਚ ਪਸਰੀ ਰਹੀ ਸੁੰਨ, ਲੋਕਾਂ ਦੇ ਕੰਮਾਂ ’ਤੇ ਲੱਗੀ ਬ੍ਰੇਕ ਸਰਕਾਰੀ ਦਫ਼ਤਰਾਂ ‘ਚ ਰਹੀ ਸੁੰਨ, ਲੋਕਾਂ ਦੇ ਕੰਮਾਂ ’ਤੇ ਲੱਗੀ ਬ੍ਰੇਕ
Publish Date: Thu, 27 Aug 2026 09:26 PM (IST)
Updated Date: Thu, 27 Aug 2026 09:28 PM (IST)
-ਪਿਛਲੇ ਡੇਢ ਹਫਤੇ ਤੋਂ ਹੜਤਾਲ ਦੀ ਮਾਰ ਝੱਲ ਰਹੇ ਲੋਕ, ਦਫ਼ਤਰਾਂ ’ਚ ਪੈਂਡਿੰਗ ਕੰਮਾਂ ਦਾ ਬਣਦਾ ਜਾ ਰਿਹੈ ਪਹਾੜ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਜਲੰਧਰ ਦੇ ਕਰੀਬ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸੰਨਾਟਾ ਛਾਇਆ ਰਿਹਾ। ਮੁਲਾਜ਼ਮ ਦਫ਼ਤਰਾਂ ਵਿੱਚ ਕੰਮ ਕਰਨ ਦੀ ਬਜਾਏ ਧਰਨੇ ਵਾਲੀ ਥਾਂ ’ਤੇ ਡਟੇ ਰਹੇ, ਜਿਸ ਕਾਰਨ ਆਮ ਲੋਕਾਂ ਦੇ ਜ਼ਰੂਰੀ ਕੰਮ ਪੂਰੀ ਤਰ੍ਹਾਂ ਠੱਪ ਰਹੇ। ਪਿਛਲੇ ਕਰੀਬ 12 ਦਿਨਾਂ ਤੋਂ ਜਾਰੀ ਹੜਤਾਲ ਨੇ ਸਰਕਾਰੀ ਕੰਮਕਾਜ ਦੀ ਰਫ਼ਤਾਰ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਲੋਕ ਆਪਣੇ ਕੰਮ ਕਰਵਾਉਣ ਲਈ ਰੋਜ਼ਾਨਾ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ। ਹੜਤਾਲ ਲੰਬੀ ਖਿੱਚਣ ਦੇ ਨਾਲ ਹੀ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਦਾ ਬੋਝ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਜਲੰਧਰ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਅੱਜ ਸਾਰਾ ਦਿਨ ਵੀਰਾਨੀ ਛਾਈ ਰਹੀ। ਅਧਿਕਾਰੀ ਅਤੇ ਕਰਮਚਾਰੀ ਧਰਨੇ ਵਾਲੀ ਥਾਂ ’ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਨਜ਼ਰ ਆਏ। ਇਸੇ ਦੌਰਾਨ ਡੀਸੀ ਕੰਪਲੈਕਸ ਵਿੱਚ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਹੜਤਾਲ ਕਾਰਨ ਸਰਟੀਫਿਕੇਟ, ਪੈਨਸ਼ਨ, ਮਾਲ ਵਿਭਾਗ, ਪ੍ਰਸ਼ਾਸਨਿਕ ਮਨਜ਼ੂਰੀਆਂ, ਨਗਰ ਨਿਗਮ ਦੇ ਕੰਮ, ਇੰਪਰੂਵਮੈਂਟ ਟਰੱਸਟ ਦਫਤਰ ਅਤੇ ਹੋਰ ਜ਼ਰੂਰੀ ਸਰਕਾਰੀ ਸੇਵਾਵਾਂ ਨਾਲ ਜੁੜੇ ਕੰਮ ਪ੍ਰਭਾਵਿਤ ਹੋ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਚੱਲ ਰਹੇ ਵਿਵਾਦ ਦਾ ਸਿੱਧਾ ਖ਼ਾਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਮੁਲਾਜ਼ਮ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਠੋਸ ਫ਼ੈਸਲਾ ਨਹੀਂ ਲੈਂਦੀ, ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ, ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਕਦੋਂ ਆਮ ਹੋਵੇਗਾ, ਇਸ ਨੂੰ ਲੈ ਕੇ ਲੋਕਾਂ ਵਿੱਚ ਅਸਮੰਜਸ ਬਣਿਆ ਹੋਇਆ ਹੈ। ਓਧਰ ਦੂਜੇ ਪਾਸੇ ਸਡ਼ਕਾਂ ਅਤੇ ਬਾਜਾਰਾਂ ਵਿਚ ਆਵਾਜਾਈ ਆਮ ਦਿਨਾਂ ਵਾਂਗ ਰਹੀ। ---------------------------- 28 ਤੇ 29 ਨੂੰ ਪੰਜਾਬ ਭਰ ’ਚ ਪੁਤਲੇ ਫੂਕਣਗੇ ਮੁਲਾਜ਼ਮ ਮੁੱਖ ਮੰਤਰੀ ਵੱਲੋਂ ਲਿਖਤੀ ਸੱਦਾ ਦੇਣ ਦੇ ਬਾਵਜੂਦ ਪੀਏਪੀ ਜਲੰਧਰ ਵਿਖੇ ਮੀਟਿੰਗ ਨਾ ਹੋਣ ਕਾਰਨ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨਾਲ ਜੁੜੀਆਂ ਜਥੇਬੰਦੀਆਂ ਭੜਕ ਗਈਆਂ ਹਨ। ਸਾਂਝੀ ਤਾਲਮੇਲ ਕਮੇਟੀ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮ ਆਗੂਆਂ ਗੁਰਨਾਮ ਸਿੰਘ ਵਿਰਕ, ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ, ਰਣਜੀਤ ਸਿੰਘ ਰਾਣਵਾ, ਸੁਸ਼ੀਲ ਕੁਮਾਰ ਫੌਜੀ ਅਤੇ ਕਰਮ ਸਿੰਘ ਧਨੋਆ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ ਮਹਾਂ ਰੈਲੀ ਦੌਰਾਨ 27 ਅਗਸਤ ਨੂੰ ਪੰਜਾਬ ਭਵਨ ਵਿਖੇ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ। ਬਾਅਦ ਵਿੱਚ ਮੀਟਿੰਗ ਦਾ ਸਥਾਨ ਬਦਲ ਕੇ ਪੀਏਪੀ ਜਲੰਧਰ ਕਰ ਦਿੱਤਾ ਗਿਆ। ਆਗੂਆਂ ਅਨੁਸਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਉਨ੍ਹਾਂ ਨੂੰ ਪੀਏਪੀ ਦੇ ਗੋਲਫ ਕਲੱਬ ਵਿਖੇ ਲੈ ਕੇ ਗਿਆ। ਉੱਥੇ ਕਥਿਤ ਤੌਰ ’ਤੇ ਸ਼ਰਤ ਰੱਖੀ ਗਈ ਕਿ ਪਹਿਲਾਂ ਹੜਤਾਲ ਖਤਮ ਕਰਕੇ ਡਿਊਟੀ ਜੁਆਇਨ ਕਰਨ ਸਬੰਧੀ ਲਿਖਤੀ ਭਰੋਸਾ ਦਿੱਤਾ ਜਾਵੇ, ਫਿਰ ਹੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ। ਮੁਲਾਜ਼ਮ ਆਗੂਆਂ ਨੇ ਇਹ ਸ਼ਰਤ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਰਵੱਈਏ ਨੂੰ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ, “ਅਜੇ ਤਾਂ ਇਹ ਅੰਗੜਾਈ ਹੈ, ਅੱਗੇ ਹੋਰ ਲੜਾਈ ਹੈ।” ਆਗੂਆਂ ਨੇ ਐਲਾਨ ਕੀਤਾ ਕਿ 28 ਅਤੇ 29 ਅਗਸਤ ਨੂੰ ਪੰਜਾਬ ਦੇ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ ’ਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਅੱਗੇ ਮੁਲਾਜ਼ਮ ਵਿਰੋਧੀ ਟਵੀਟ ਅਤੇ 27 ਅਗਸਤ ਨੂੰ ਜਾਰੀ ਕੀਤੇ ਗਏ ਕਥਿਤ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਲਿਖਤੀ ਸੱਦੇ ਦੇ ਬਾਵਜੂਦ ਮੀਟਿੰਗ ਨਾ ਕਰਨਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਹੈ। ਸਾਂਝੀ ਤਾਲਮੇਲ ਕਮੇਟੀ ਨੇ ਹੜਤਾਲੀ ਮੁਲਾਜ਼ਮਾਂ ਸਬੰਧੀ ਸਰਕਾਰ ਵੱਲੋਂ ਜਾਰੀ ਪੱਤਰ ਨੂੰ ਰੱਦ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਚੁਣੌਤੀਆਂ ਦਾ ਜਵਾਬ ਸੰਘਰਸ਼ ਰਾਹੀਂ ਦਿੱਤਾ ਜਾਵੇਗਾ। ਇਸੇ ਤਹਿਤ 30 ਅਗਸਤ ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਅਗਲੇ ਤਿੱਖੇ ਸੰਘਰਸ਼ ਦੀ ਰਣਨੀਤੀ ਅਤੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਸਾਂਝੀ ਤਾਲਮੇਲ ਕਮੇਟੀ ਪੰਜਾਬ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿੱਖਾ ਕੀਤਾ ਜਾਵੇਗਾ।