ਮਾਲੀ ਮਦਦ ਦੇ ਨਾਲ-ਨਾਲ ਵ੍ਹੀਲਚੇਅਰ ਮੁਹੱਈਆ ਕਰਵਾਈ
ਸਿੱਖ ਸੇਵਕ ਸੁਸਾਇਟੀ ਨੇ ਔਰਤ ਦੀ ਮਾਲੀ ਮੱਦਦ ਦੇ ਨਾਲ ਵ੍ਹੀਲ ਚੇਅਰ ਮੁਹੱਈਆ ਕਰਵਾਈ
Publish Date: Tue, 24 Mar 2026 08:29 PM (IST)
Updated Date: Tue, 24 Mar 2026 08:31 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਅਜੋਕੇ ਪਦਾਰਥਵਾਦੀ ਯੁੱਗ ’ਚ ਜਿੱਥੇ ਇਨਸਾਨ ਨਿੱਜੀ ਮੁਫ਼ਾਦਾਂ ਦੀ ਦੌੜ ’ਚ ਅੰਨ੍ਹਾ ਹੋਇਆ ਫਿਰਦਾ ਹੈ ਉੱਥੇ ਕੁਝ ਅਜਿਹੀਆਂ ਸੰਸਥਾਵਾਂ ਤੇ ਸ਼ਖਸੀਅਤਾਂ ਵੀ ਹਨ ਜੋ ਦੀਨ-ਦੁਖੀਆਂ ਦੇ ਦਰਦ ਨੂੰ ਆਪਣਾ ਸਮਝਦੀਆਂ ਹਨ। ਅਜਿਹੇ ਦਰਦ ਨੂੰ ਸਮਝਦਿਆਂ ਹੋਇਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਦੇ ਪਿੰਡ ਗਾਗੋਵਾਲ ਦੀ ਰਹਿਣ ਵਾਲੀ ਬੇਸਹਾਰਾ ਤੇ ਅੰਗਹੀਣ ਮਨਜੀਤ ਕੌਰ, ਦੀ ਬਾਂਹ ਫੜ ਕੇ ਮਨੁੱਖਤਾ ਦਾ ਸਿਰ ਉੱਚਾ ਕੀਤਾ ਹੈ। ਸਿੱਖ ਸੇਵਕ ਸੁਸਾਇਟੀ ਨੇ ਨਾ ਸਿਰਫ਼ ਉਨ੍ਹਾਂ ਨੂੰ ਵ੍ਹੀਲਚੇਅਰ ਭੇਟ ਕੀਤੀ, ਸਗੋਂ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਮਨ ’ਚ ਜਿਊਣ ਦੀ ਇਕ ਨਵੀਂ ਉਮੀਦ ਵੀ ਜਗਾਈ ਹੈ। ਸਿੱਖ ਸੇਵਕ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀਆਂ ਗਤੀਵਿਧੀਆਂ ਸਿਰਫ ਵ੍ਹੀਲਚੇਅਰ ਵੰਡਣ ਤੱਕ ਸੀਮਤ ਨਹੀਂ ਹਨ। ਉਨ੍ਹਾਂ ਵੱਲੋਂ ਆਰਥਿਕ ਤੌਰ ਤੇ ਪਛੜੇ ਲੋਕਾਂ ਲਈ ਸ਼ੁਰੂ ਕੀਤੀ ਗਈ ਮੈਡੀਕਲ ਸੇਵਾ ਵੀ ਕੀਤੀ ਜਾ ਰਹੀ ਹੈ। ਸੈਂਕੜੇ ਲੋਕ ਜੋ ਅੰਧਰਾਤੇ ਦੀ ਮਾਰ ਝੱਲ ਰਹੇ ਸਨ, ਉਨ੍ਹਾਂ ਦੇ ਆਪ੍ਰੇਸ਼ਨ ਕਰਵਾ ਕੇ ਰੋਸ਼ਨੀ ਪ੍ਰਦਾਨ ਕੀਤੀ ਗਈ। ਹੁਣ ਸੁਸਾਇਟੀ ਨੇ ਅੰਗਹੀਣਾਂ ਨੂੰ ਮਸ਼ੀਨਾਂ ਤੇ ਹੋਰ ਸਹਾਇਕ ਉਪਕਰਨ ਦੇਣ ਦੀ ਮੁਹਿੰਮ ਵਿੱਢੀ ਹੈ। ਖਾਲਸਾ ਨੇ ਦੱਸਿਆ ਕਿ ਇਸ ਸੇਵਾ ਦਾ ਸਭ ਤੋਂ ਉੱਤਮ ਪਹਿਲੂ ਇਹ ਹੈ ਕਿ ਇਹ ਕਿਸੇ ਖਾਸ ਧਰਮ ਜਾਂ ਜਾਤ ਤੱਕ ਸੀਮਤ ਨਹੀਂ ਹੈ। ਸਿੱਖੀ ਦਾ ਮੂਲ ਸਿਧਾਂਤ ਹੀ ਸਰਬੱਤ ਦਾ ਭਲਾ ਹੈ। ਸੁਸਾਇਟੀ ਦੇ ਮੈਂਬਰ ਜਾਤ-ਪਾਤ ਦੇ ਭਿੰਨ-ਭੇਦ ਨੂੰ ਨਕਾਰਦਿਆਂ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨ ਕੇ ਸੇਵਾ ਕਰ ਰਹੇ ਹਨ। ਇਸ ਸੇਵਾ ਮੁਹਿੰਮ ਵਿਚ ਜਥੇਦਾਰ ਖਾਲਸਾ ਦੇ ਸਹਿਯੋਗੀ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਸੰਦੀਪ ਸਿੰਘ ਚਾਵਲਾ, ਠੇਕੇਦਾਰ ਹਰਦੇਵ ਸਿੰਘ, ਹਰਭਜਨ ਸਿੰਘ ਬੈਂਸ ਤੇ ਸਾਹਿਬ ਸਿੰਘ ਸ਼ਾਮਲ ਸਨ।