- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਵਨ ਯੱਗ ਤੇ ਝੰਡਾ ਚੜਾਉਣ ਨਾਲ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ੁਰੂ, ਚੱਢਾ ਤੇ ਆਨੰਦ ਪਰਿਵਾਰ ਅੱਜ ਪੂਰੀਆਂ ਕਰਨਗੇ ਧਾਰਮਿਕ ਰਸਮਾਂ

ਚੱਢਾ ਤੇ ਆਨੰਦ ਪਰਿਵਾਰ ਅੱਜ ਪੂਰੀਆਂ ਕਰਨਗੇ ਧਾਰਮਿਕ ਰਸਮਾਂ
-ਮੰਦਰ ਨੂੰ ਜਾਂਦੇ ਰਸਤਿਆਂ ’ਤੇ ਸਜੀਆਂ ਦੁਕਾਨਾਂ, ਲੱਗੇ ਲੰਗਰ; ਦੇਰ ਰਾਤ ਤੱਕ ਰਹੀ ਸ਼ਰਧਾਲੂਆਂ ਦੀ ਆਮਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਸਵੇਰੇ ਹਵਨ ਯੱਗ ਅਤੇ ਬਾਅਦ ਦੁਪਹਿਰ ਝੰਡਾ ਚੜ੍ਹਾਉਣ ਨਾਲ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ੁਰੂ ਹੋ ਗਿਆ। ਮੰਦਰ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਸ਼ਰਧਾਲੂ ਪਰਿਵਾਰਾਂ ਸਮੇਤ ਮੰਦਰ ਵੱਲ ਵਧਦੇ ਰਹੇ। ਰਸਤਿਆਂ ਵਿੱਚ ਥਾਂ-ਥਾਂ ਲੱਗੇ ਸਟਾਲਾਂ ’ਤੇ ਖਰੀਦਦਾਰੀ ਦਾ ਦੌਰ ਵੀ ਜਾਰੀ ਰਿਹਾ। ਇਸ ਦੌਰਾਨ ਮੰਦਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਅੰਦਰ ਤੱਕ ਬੈਰੀਕੇਡ ਲਗਾ ਦਿੱਤੇ ਗਏ ਹਨ। ਅਨੰਤ ਚੌਦਸ ਮੌਕੇ 25 ਸਤੰਬਰ ਨੂੰ ਚੱਢਾ ਅਤੇ ਆਨੰਦ ਪਰਿਵਾਰਾਂ ਵੱਲੋਂ ਮੰਦਰ ਵਿੱਚ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਮੇਲੇ ਨੂੰ ਲੈ ਕੇ ਸੋਢਲ ਮੰਦਰ ਟਰੱਸਟ, ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ, ਚੱਢਾ ਬਿਰਾਦਰੀ ਤੇ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਮੰਦਰ ਨੂੰ ਜਾਂਦੇ ਰਸਤਿਆਂ ’ਤੇ ਦੋ ਤੋਂ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਲੰਗਰ ਲਗਾਉਣ ਲਈ ਰਾਤ ਤੋਂ ਹੀ ਟੈਂਟ ਲਗਾ ਦਿੱਤੇ ਗਏ ਸਨ, ਜਦਕਿ ਰਸਤਿਆਂ ’ਤੇ ਫੜੀਆਂ ਅਤੇ ਝੂਲੇ ਵੀ ਸਜ ਗਏ ਹਨ। ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਵੱਲੋਂ ਰਾਤ ਨੂੰ ਭਗਵਤੀ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਮੇਲੇ ਨੂੰ ਲੈ ਕੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਵੱਲੋਂ ਵੀਰਵਾਰ ਸਵੇਰੇ ਹਵਨ ਯੱਗ ਕਰਵਾਇਆ ਗਿਆ। ਸੰਸਥਾ ਦੇ ਪ੍ਰਧਾਨ ਸਮਾਜ ਸੇਵਕ ਓਪੀ ਸੱਪਲ ਅਤੇ ਸੀਨੀਅਰ ਮੀਤ ਪ੍ਰਧਾਨ ਜੈਪਾਲ ਠਾਕੁਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਹਵਨ ਯੱਗ ਵਿੱਚ ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਸਮਾਜ ਸੇਵਕ ਜੋਗਿੰਦਰ ਸ਼ਰਮਾ ਸਮੇਤ ਹੋਰ ਪਤਵੰਤੇ ਮੁੱਖ ਯਜਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਬਾਅਦ ਸੰਸਥਾ ਵੱਲੋਂ ਸ਼ਾਮ ਨੂੰ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਚੇਅਰਮੈਨ ਰਵੀ ਮਰਵਾਹਾ, ਜਨਰਲ ਸਕੱਤਰ ਮੋਹਿੰਦਰ ਪ੍ਰਭਾਕਰ ਸਮੇਤ ਮੈਂਬਰ ਮੌਜੂਦ ਸਨ।
--------------------------
ਅੱਠ ਕਿੱਲੋਮੀਟਰ ਦੇ ਦਾਇਰੇ ’ਚ ਲੱਗਣਗੇ ਲੰਗਰ, ਵੀਰਵਾਰ ਰਾਤ ਨੂੰ ਹੋਈ ਸ਼ੁਰੂਆਤ
ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਮੰਦਰ ਦੇ ਚਾਰੋਂ ਪਾਸੇ ਦੋ-ਦੋ ਕਿੱਲੋਮੀਟਰ, ਯਾਨੀ ਕੁੱਲ ਅੱਠ ਕਿੱਲੋਮੀਟਰ ਦੇ ਦਾਇਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ। ਤਿੰਨ ਦਿਨ ਚੱਲਣ ਵਾਲੇ ਲੰਗਰ ਦੀ ਸ਼ੁਰੂਆਤ ਵੀਰਵਾਰ ਰਾਤ ਨੂੰ ਕੀਤੀ ਗਈ। ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਅਤੇ ਚੱਢਾ ਬਿਰਾਦਰੀ ਵੱਲੋਂ ਲੰਗਰ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸ਼ਰਧਾਲੂਆਂ ਨੂੰ ਵਰਤਾਏ ਜਾ ਰਹੇ ਹਨ।
----------------------
ਮੰਦਰ ਨੂੰ ਜਾਂਦੇ ਜ਼ਿਆਦਾਤਰ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਬੰਦ ਕੀਤੇ ਰਸਤੇ
ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਨੂੰ ਜਾਂਦੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇੱਕ ਪਾਸੇ ਸਈਪੁਰ ਰੋਡ, ਜਦਕਿ ਦੂਜੇ ਪਾਸੇ ਸੋਢਲ ਰੇਲਵੇ ਕਰਾਸਿੰਗ ਅਤੇ ਰਾਮ ਨਗਰ ਰੇਲਵੇ ਕਰਾਸਿੰਗ ਰੋਡ ’ਤੇ ਮੰਦਰ ਤੋਂ ਕਰੀਬ ਅੱਧਾ ਕਿਲੋਮੀਟਰ ਦੇ ਦਾਇਰੇ ਵਿੱਚ ਬੈਰੀਕੇਡ ਲਗਾਏ ਗਏ ਹਨ। ਇਨ੍ਹਾਂ ਥਾਵਾਂ ਤੋਂ ਸਿਰਫ਼ ਪੈਦਲ ਸ਼ਰਧਾਲੂ ਹੀ ਮੰਦਰ ਤੱਕ ਜਾ ਸਕਣਗੇ।
------------------------
ਮੇਲੇ ਦੌਰਾਨ ਇਹ ਸਾਵਧਾਨੀਆਂ ਵਰਤੋ
- ਛੋਟੇ ਬੱਚਿਆਂ ਦਾ ਹੱਥ ਫੜ ਕੇ ਰੱਖੋ।
- ਮੇਲੇ ਵਿੱਚ ਕੀਮਤੀ ਸਾਮਾਨ ਲੈ ਕੇ ਜਾਣ ਜਾਂ ਗਹਿਣੇ ਪਹਿਨਣ ਤੋਂ ਪਰਹੇਜ਼ ਕਰੋ।
- ਛੋਟੇ ਬੱਚਿਆਂ ਦੀ ਜੇਬ ਵਿੱਚ ਘਰ ਦਾ ਪਤਾ ਅਤੇ ਫੋਨ ਨੰਬਰ ਜ਼ਰੂਰ ਰੱਖੋ।
- ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਮੰਦਰ ਦੇ ਬਾਹਰ ਬਣੇ ਪੁਲਿਸ ਕੈਂਪ ਵਿੱਚ ਦਿਓ।
- ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੋਣ ’ਤੇ ਮੰਦਰ ਵਿੱਚ ਬਣੇ ਸਿਹਤ ਵਿਭਾਗ ਦੇ ਕੈਂਪ ਵਿੱਚ ਜਾਂਚ ਕਰਵਾਓ।
- ਖੁੱਲ੍ਹੇ ਵਿੱਚ ਵਿਕ ਰਹੇ ਖਾਣ-ਪੀਣ ਦੇ ਪਦਾਰਥਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
- ਜੇਬਕਤਰਿਆਂ ਤੋਂ ਸਾਵਧਾਨ ਰਹੋ।
- ਰਾਤ ਸਮੇਂ ਸੁੰਨਸਾਨ ਇਲਾਕਿਆਂ ਵਿੱਚੋਂ ਲੰਘਣ ਤੋਂ ਪਰਹੇਜ਼ ਕਰੋ।
---
ਸੁਰੱਖਿਆ ਲਈ ਇਹ ਹਨ ਹੈਲਪਲਾਈਨ ਨੰਬਰ
ਮੇਲੇ ਵਿੱਚ ਪੁਲਿਸ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ਵਜੋਂ ਏਸੀਪੀ ਨਾਰਥ 9815805948, ਐਸਐਚਓ ਪੁਲਿਸ ਡਿਵੀਜ਼ਨ ਨੰਬਰ 8: 9592914118 ਅਤੇ 9592918557 ’ਤੇ ਸੰਪਰਕ ਕੀਤਾ ਜਾ ਸਕਦਾ ਹੈ।