- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਮਨਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਮਹਿਲ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਆਸ਼ਰਮ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਮਨਾਇਆ ਗਿਆ। ਸੁੰਦਰ ਢੰਗ ਨਾਲ ਸਜਾਏ ਗਏ ਸਮਾਗਮ ਸਥਲ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਬ੍ਰਹਮਗਿਆਨੀ ਸ਼ਿਸ਼ਿਆਂ ਵੱਲੋਂ ਵੇਦ ਮੰਤਰਾਂ ਉਚਾਰਨ ਨਾਲ ਹੋਈ।
ਸਾਧਵੀ ਸੁਮੇਧਾ ਭਾਰਤੀ ਜੀ ਅਤੇ ਸਾਧਵੀ ਭਾਗਯਸ਼੍ਰੀ ਭਾਰਤੀ ਜੀ ਨੇ ਮੰਚ ਸੰਚਾਲਨ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਅਨੰਤ ਲੀਲ੍ਹਾਵਾਂ ਨੂੰ ਅਧਿਆਤਮ ਤੇ ਵਿਗਿਆਨ ਦੇ ਸੁਮੇਲ ਰਾਹੀਂ ਸਮਝਾਇਆ। ਸਾਧਵੀ ਸੁਮੇਧਾ ਭਾਰਤੀ ਨੇ ਗਊ ਦੇ ਮਹੱਤਵ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਊ ਨੂੰ ਮਾਂ ਦਾ ਦਰਜਾ ਦਿੱਤਾ। ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ “ਗਾਵੋ ਵਿਸ਼ਵਸਯ ਮਾਤਰਃ”। ਉਨ੍ਹਾਂ ਦੱਸਿਆ ਕਿ ਅੱਜ ਵਿਗਿਆਨੀ ਵੀ ਐਨੀਮਲ ਅਸੀਸਟੇਡ ਇੰਟਰੈਕਸ਼ਨ ਉੱਤੇ ਖੋਜ ਕਰ ਰਹੇ ਹਨ, ਜਿਸ ਅਨੁਸਾਰ ਗਊ ਵਰਗੇ ਸ਼ਾਂਤ ਪਸ਼ੂਆਂ ਨਾਲ ਸਮਾਂ ਬਿਤਾਉਣਾ ਤਣਾਅ, ਇਕੱਲੇਪਣ ਅਤੇ ਚਿੰਤਾ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਸਾਧਵੀ ਭਾਗਯਸ਼੍ਰੀ ਭਾਰਤੀ ਨੇ ਸ਼੍ਰੀ ਕ੍ਰਿਸ਼ਨ ਦੀ ਬੰਸਰੀ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਬੰਸਰੀ ਵਿੱਚ ਛੇਕ ਸਨ, ਪਰ ਉਸ ਵਿੱਚੋਂ ਨਿਕਲੀ ਧੁਨ ਨੇ ਹਿਰਦੇ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ। ਅੱਜ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਡੇ ਵੱਲੋਂ ਸੁਣਿਆ ਜਾਣ ਵਾਲਾ ਸੰਗੀਤ ਅਤੇ ਦੇਖਿਆ ਜਾਣ ਵਾਲਾ ਮਨੋਰੰਜਨ ਸਾਡੇ ਅੰਦਰ ਪ੍ਰੇਮ, ਕਰੁਣਾ ਅਤੇ ਸੰਸਕਾਰ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ ਜਾਂ ਵਾਸਨਾ, ਕਰੂਰਤਾ ਅਤੇ ਅਸ਼ਲੀਲਤਾ ਦੇ। ਉਨ੍ਹਾਂ ਕਿਹਾ ਕਿ ਜਨਮ ਅਸ਼ਟਮੀ ਦੇ ਦਿਨ ਅਸੀਂ ਇੱਕ ਦਿਨ ਮਟਕੀਆਂ ਭੰਨ ਕੇ ਖੁਸ਼ੀ ਮਨਾਉਂਦੇ ਹਾਂ ਪਰ ਸਾਡੇ ਅੰਦਰ ਕਾਮ, ਕ੍ਰੋਧ, ਹੰਕਾਰ ਅਤੇ ਈਰਖਾ ਦੀਆਂ ਜੋ ਮਟਕੀਆਂ ਭਰੀਆਂ ਪਈਆਂ ਹਨ, ਉਨ੍ਹਾਂ ਦਾ ਕੀ? ਅਸਲ ਜਨਮ ਅਸ਼ਟਮੀ ਤਾਂ ਉਦੋਂ ਹੈ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਪ੍ਰਗਟਾਵਾ ਸਾਡੇ ਹਿਰਦੇ ਵਿੱਚ ਹੋਵੇ ਤਦ ਹਰ ਦਿਨ ਉਤਸਵ ਅਤੇ ਹਰ ਦਿਨ ਮੰਗਲਮਈ ਹੋ ਜਾਂਦਾ ਹੈ। ਸ਼ਰਧਾਲੂਆਂ ਨੇ ਭਜਨ-ਕੀਰਤਨ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਦਾ ਆਨੰਦ ਮਾਣਿਆ ਅਤੇ ਭਗਤੀ ਭਾਵ ਵਿੱਚ ਭਾਵ-ਵਿਭੋਰ ਹੋ ਕੇ ਉਤਸਵ ਮਨਾਇਆ। ਅੰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਨਾਲ ਸਮਾਗਮ ਦਾ ਵਿਧੀਵਤ ਸਮਾਪਨ ਹੋਇਆ।