ਸੱਤ ਸਰਕਾਰੀ ਸਕੂਲਾਂ ’ਚੋਂ ਸਿਰਫ ਇਕ ’ਚ ਪ੍ਰਿੰਸੀਪਲ ਤਾਇਨਾਤ ਫਿਲੌਰ ਹਲਕੇ ਦੇ ਕਈ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਘਾਟ, ਲੋਕਾਂ ਨੇ ਚੁੱਕੇ ਸਵਾਲ
Publish Date: Wed, 05 Aug 2026 09:09 PM (IST)
Updated Date: Wed, 05 Aug 2026 09:10 PM (IST)
-ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਘਾਟ ’ਤੇ ਚੁੱਕੇ ਸਵਾਲ -66 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ ਸਿਰਫ 30 ’ਤੇ ਤਾਇਨਾਤੀ, 36 ਖਾਲੀ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵਿਆਂ ਦਰਮਿਆਨ ਫਿਲੌਰ ਹਲਕੇ ਦੇ ਕਈ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਟਾਫ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਹਲਕੇ ਦੇ ਸੱਤ ਸਰਕਾਰੀ ਸਕੂਲਾਂ ’ਚੋਂ ਸਿਰਫ਼ ਲਸਾੜਾ ਸਕੂਲ ’ਚ ਨਿਯਮਤ ਪ੍ਰਿੰਸੀਪਲ ਤਾਇਨਾਤ ਹੈ, ਜਦਕਿ ਹੋਰ ਸਕੂਲਾਂ ਦਾ ਕੰਮ ਵਾਧੂ ਚਾਰਜ ਰਾਹੀਂ ਚਲਾਇਆ ਜਾ ਰਿਹਾ ਹੈ। ਸਕੂਲ ਆਫ਼ ਐਮੀਨੈਂਸ, ਫਿਲੌਰ ’ਚ ਵੀ ਨਿਯਮਤ ਪ੍ਰਿੰਸੀਪਲ ਦੀ ਤਾਇਨਾਤੀ ਨਹੀਂ ਹੈ। ਸਕੂਲ ’ਚ ਕਰੀਬ 1,500 ਵਿਦਿਆਰਥੀ ਪੜ੍ਹਦੇ ਹਨ। ਉਪਲੱਬਧ ਅੰਕੜਿਆਂ ਮੁਤਾਬਕ 66 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ ਸਿਰਫ਼ 30 ਭਰੀਆਂ ਹੋਈਆਂ ਹਨ, ਜਦਕਿ 36 ਅਸਾਮੀਆਂ ਖਾਲੀ ਹਨ। ਲੈਕਚਰਾਰਾਂ, ਮਾਸਟਰਾਂ, ਲਾਇਬ੍ਰੇਰੀਅਨ, ਲਾਇਬ੍ਰੇਰੀ ਅਟੈਂਡੈਂਟ, ਐੱਸਐੱਲਏ, ਵਰਕਸ਼ਾਪ ਇੰਸਟ੍ਰਕਟਰ ਤੇ ਕੰਪਿਊਟਰ ਅਧਿਆਪਕਾਂ ਦੀਆਂ ਕਈ ਅਸਾਮੀਆਂ ਖਾਲੀ ਹੋਣ ਕਾਰਨ ਪੜ੍ਹਾਈ ਪ੍ਰਭਾਵਿਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਿੰਸੀਪਲ ਤਰਲੋਕ ਸਿੰਘ, ਜੋ ਗੁਰਾਇਆ ਦੇ ਸਰਕਾਰੀ ਲੜਕੀਆਂ ਸਕੂਲ ’ਚ ਤਾਇਨਾਤ ਹਨ, ਉਨ੍ਹਾਂ ਕੋਲ ਸਕੂਲ ਆਫ਼ ਐਮੀਨੈਂਸ ਫਿਲੌਰ ਸਮੇਤ ਚਾਰ ਸਕੂਲਾਂ ਦਾ ਵਾਧੂ ਚਾਰਜ ਹੈ। ਕਾਂਗਰਸੀ ਆਗੂ ਰਾਜਿੰਦਰ ਸੰਧੂ ਨੇ ਦੋਸ਼ ਲਗਾਇਆ ਕਿ ਸਰਕਾਰ ਸਿੱਖਿਆ ਦੇ ਖੇਤਰ ’ਚ ਆਪਣੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਜਲਦੀ ਨਾ ਭਰੀਆਂ ਗਈਆਂ ਤਾਂ 15 ਅਗਸਤ ਨੂੰ ਸਕੂਲ ਆਫ਼ ਐਮੀਨੈਂਸ ਫਿਲੌਰ ਦੇ ਬਾਹਰ ਸਾਥੀਆਂ ਸਮੇਤ ਧਰਨਾ ਦੇ ਕੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਭਾਜਪਾ ਦੇ ਵਿਮੁਕਤ ਜਾਤੀਆਂ ਮੋਰਚਾ ਦੇ ਪ੍ਰਧਾਨ ਤਰਸੇਮ ਰੁਪਾਣਾ ਨੇ ਵੀ ਸਰਕਾਰ ਤੋਂ ਸਕੂਲਾਂ ’ਚ ਸਟਾਫ ਦੀ ਘਾਟ ਦੂਰ ਕਰਨ ਦੀ ਮੰਗ ਕੀਤੀ। ਡਾ. ਕੁਲਦੀਪ ਰਾਏ ਨੇ ਕਿਹਾ ਕਿ ਸਕੂਲਾਂ ’ਚ ਲੋੜੀਂਦਾ ਸਟਾਫ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਿੰਦਰਜੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਜਾਰੀ ਹੈ ਤੇ ਜਲਦੀ ਹੀ ਨਵੇਂ ਪ੍ਰਿੰਸੀਪਲ ਸਕੂਲਾਂ ’ਚ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੋਰ ਸਟਾਫ ਦੀਆਂ ਖਾਲੀ ਅਸਾਮੀਆਂ ਵੀ ਪੜਾਅਵਾਰ ਭਰੀਆਂ ਜਾਣਗੀਆਂ, ਹਾਲਾਂਕਿ ਇਸ ’ਚ ਕੁਝ ਸਮਾਂ ਲੱਗ ਸਕਦਾ ਹੈ।