‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਅਧੀਨ ਵਧੇਰੇ ਦੁਕਾਨਦਾਰ ਸ਼ਰਤਾਂ ਪੂਰੀਆਂ ਨਹੀਂ ਕਰਦੇ ਮੇਰੀ ਦੁਕਾਨ ਮੇਰੇ ਨਾਲ ਸਕੀਮ ਅਧੀਨ ਵਧੇਰੇ ਦੁਕਾਨਦਾਰ ਸਰਤਾਂ ਪੂਰੀਆਂ ਨਹੀਂ ਕਰਦੇ
Publish Date: Sun, 15 Nov 2026 08:28 PM (IST)
Updated Date: Sun, 15 Nov 2026 08:30 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਜਾਇਦਾਦਾਂ ਵਿਸ਼ੇਸ਼ ਤੌਰ ’ਤੇ ਦੁਕਾਨਾਂ ਜਿਹੜੀਆਂ ਕਿ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ, ਦਾ ਕਿਰਾਏਦਾਰ ਨੂੰ ਮਾਲਕ ਬਣਾਉਣ ਲਈ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਅਧੀਨ ਦਰਖਾਸਤਾਂ ਮੰਗੀਆਂ ਸਨ, ਉਨ੍ਹਾਂ ਦੇ ਆਧਾਰ ’ਤੇ ਜਲੰਧਰ ਨਗਰ ਨਿਗਮ ਨੂੰ 144 ਦਰਖਾਸਤਾਂ ਆਈਆਂ ਤੇ ਉਨ੍ਹਾਂ ਤੋਂ ਪਿਛਲੇ ਬਕਾਇਆ ਕਿਰਾਏ ਦਾ 50 ਲੱਖ ਰੁਪਏ ਵੀ ਵਸੂਲਿਆ ਜਾ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਸਨ 2020 ਤੋਂ 12 ਸਾਲ ਪਹਿਲਾਂ ਜਿਹੜੇ ਲੋਕਾਂ ਨੂੰ ਦੁਕਾਨਾਂ ਅਲਾਟ ਕਰ ਕੇ ਕਿਰਾਏ ’ਤੇ ਦਿੱਤੀਆਂ ਸਨ, ਉਨ੍ਹਾਂ ’ਚੋਂ ਅਸਲ ਕਿਰਾਏਦਾਰ ਸਿਰਫ ਇੱਕ ਹੀ ਦੁਕਾਨਦਾਰ ਹੈ, ਜਦੋਂਕਿ ਬਾਕੀ ਜਿਹੜੇ ਹੁਣ ਕਿਰਾਏ ’ਤੇ ਬੈਠੇ ਹਨ, ਉਹ ਅਸਲ ਕਿਰਾਏਦਾਰ ਨਾ ਹੋ ਕੇ ਅਸਥਾਈ ਕਿਰਾਏਦਾਰ ਹਨ ਤੇ ਉਨ੍ਹਾਂ ਨੇ ਵੀ ਜਿਹੜੀਆਂ ਦਰਖਾਸਤਾਂ ਦਿੱਤੀਆਂ ਹਨ, ਉਨ੍ਹਾਂ ’ਚ ਜਿਹੜੇ ਦਸਤਾਵੇਜ਼ ਨਾਲ ਨੱਥੀ ਕੀਤੇ ਗਏ ਹਨ, ਉਹ ਜਾਂ ਤਾਂ ਗਲਤ ਹਨ ਜਾਂ ਫਿਰ ਅਧੂਰੇ ਹਨ। ਜਿਸ ਕਾਰਨ ਸਰਕਾਰ ਦੀ ਉਕਤ ਯੋਜਨਾ ਦਾ ਲਾਭ ਵਧੇਰੇ ਕਿਰਾਏਦਾਰ ਨਹੀਂ ਉਠਾ ਸਕਣਗੇ। ਜਿਹੜੀਆਂ ਉਕਤ 144 ਦਰਖਾਸਤਾਂ ਨਗਰ ਨਿਗਮ ਦੀ ਤਹਿ ਬਾਜ਼ਾਰੀ ਬ੍ਰਾਂਚ ਨੂੰ ਮਿਲੀਆਂ ਹਨ, ਉਨ੍ਹਾਂ ’ਚ ਕਈ ਅਜਿਹੀਆਂ ਵੀ ਹਨ, ਜਿਨ੍ਹਾਂ ’ਚ ਬੈਠਾ ਕਿਰਾਏਦਾਰ ਕੋਈ ਹੈ ਤੇ ਬਿਜਲੀ ਦਾ ਬਿੱਲ ਕਿਸੇ ਹੋਰ ਦੇ ਨਾਮ ’ਤੇ ਹੈ। ਜਿਸ ਕਾਰਨ ਜਿਹੜੀਆਂ 144 ਦਰਖਾਸਤਾਂ ਜਮ੍ਹਾਂ ਹੋਈਆਂ ਹਨ, ਉਨ੍ਹਾਂ ’ਚ ਵਧੇਰੀਆਂ ਦੇ ਰੱਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੁਸ਼ਟੀ ਉਕਤ ਅਧੂਰੀਆਂ ਦਰਖਾਸਤਾਂ ਦੀ ਪੁਸ਼਼ਟੀ ਕਰਦੇ ਹੋਏ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਨੇ ਕਿਹਾ ਹੈ ਕਿ ਜਿਹੜੀਆਂ 144 ਦਰਖਾਸਤਾਂ ਦੀ ਜਾਂਚ ਚੱਲ ਰਹੀ ਹੈ ਤੇ ਜਾਂਚ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਦਫ਼ਤਰ ਭੇਜੀਆਂ ਜਾਣੀਆਂ ਹਨ, ਵਿਚੋਂ ਵਧੇਰੀਆਂ ਅਧੂਰੀਆਂ ਹੋਣ ਕਰ ਕੇ ਉਹ ਪਹਿਲਾਂ ਹੀ ਰੱਦ ਹੋ ਸਕਦੀਆਂ ਕਿਉਂਕਿ ਉਨ੍ਹਾਂ ਦੇ ਦਰਖਾਸਤਾਂ ਨਾਲ ਨੱਥੀ ਦਸਤਾਵੇਜ਼ ਹੀ ਅਧੂਰੇ ਹਨ। ਇਸ ਲਈ ਜੇ ਉੁਕਤ ਸਕੀਮ ਅਧੀਨ ਜੇ ਕੁਝ ਦੁਕਾਨਾਂ ਦੇ ਸਹੀ ਦਸਤਾਵੇਜ਼ ਹਨ ਤਾਂ ਉਹ ਹੀ ਦਰਖਾਸਤਾਂ ਦੀਆਂ ਫਾਈਲਾਂ ਡਿਪਟੀ ਕਮਿਸ਼ਨਰ ਦਫ਼ਤਰ ਭੇਜੀਆਂ ਜਾਣਗੀਆਂ ਜਿੱਥੋਂ ਦੁਕਾਨਾਂ ਦੀ ਮਾਲਕੀ ਦੇਣ ਦਾ ਅੰਤਮ ਫੈਸਲਾ ਹੋਣਾ ਹੈ।