- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ 5:54 ਤੋਂ ਰਾਤ

ਸ਼ਾਮ 5:54 ਤੋਂ ਰਾਤ 7:50 ਵਜੇ ਤੱਕ ਰਹੇਗਾ ਮਾਂ ਲਕਸ਼ਮੀ ਪੂਜਾ ਦਾ ਸ਼ੁਭ ਮੁਹੂਰਤ, ਬਣ ਰਿਹਾ ਬੁੱਧਾਦਿੱਤਿਆ ਰਾਜਯੋਗ
ਦੋ ਸਾਲਾਂ ਬਾਅਦ ਇੱਕੋ ਦਿਨ ਮਨਾਈ ਜਾਵੇਗੀ ਦੀਵਾਲੀ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਦੀਵਾਲੀ ਦੇ ਪਾਵਨ ਤਿਉਹਾਰ ਨੂੰ ਲੈਕੇ ਸ਼ਹਿਰ ’ਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਹੈ। ਬਾਜ਼ਾਰਾਂ ਵਿਚ ਖਰੀਦਾਰਾਂ ਦੀ ਭੀੜ ਦੇਰ ਰਾਤ ਤਕ ਦੇਖੀ ਗਈ। ਇਸ਼ ਦੌਰਾਨ ਜਿਥੇ ਬਾਜ਼ਾਰਾਂ ਵਿਚ ਦੁਕਾਨਾ ਸਜੀਆਂ ਰਹੀਆਂ, ਉਥੇ ਹੀ ਮਾਰਕੀਟਾਂ ਤੇ ਸੜਕਾਂ ਤੇ ਵੀ ਦੀਵਾਲੀ ਨਾਲ ਸਬੰਧਤ ਸਾਮਾਨ ਦੀਆਂ ਦੁਕਾਨਾਂ ਲੱਗੀਆਂ ਰਹੀਆਂ। ਦੁਕਾਨਾਂ ਤੇ ਸਜਾਵਟ ਦਾ ਸਾਮਾਨ, ਵੱਖ-ਵੱਖ ਡਿਜ਼ਾਈਨਾਂ ਦੇ ਦੀਵੇ, ਰੰਗ ਬਿਰੰਗੀਆਂ ਰੌਸ਼ਨੀ ਵਾਲੀਆਂ ਬਿਜਲੀ ਦੀਆਂ ਲੜੀਆਂ ਤੇ ਹੋਰ ਵੀ ਕਾਫੀ ਤਰ੍ਹਾਂ ਦਾ ਸਾਮਾਨ ਵਿਕੀਆਂ। ਲੋਕ ਦੁਕਾਨਾ ਤੋਂ ਆਪਣੇ ਘਰਾਂ ਨੂੰ ਸਜਾਉਣ ਲਈ ਸਾਮਾਨ ਖਰੀਦ ਕੇ ਲੈ ਕੇ ਗਏ। ਇਸ ਦੌਰਾਨ ਵੱਖ-ਵੱਖ ਡਿਜ਼ਾਈਨ ਦੀਆਂ ਮਾਂ ਲਕਸ਼ਮੀ, ਸ਼੍ਰੀ ਗਣੇਸ਼ ਤੇ ਮਾ ਸਰਸਵਤੀ ਦੀਆਂ ਮਿੱਟੀ ਦੀਆਂ ਮੂਰਤੀਆਂ ਵੀ ਲੋਕਾਂ ਨੇ ਖਰੀਦੀਆਂ।
---
ਮਾਂ ਲਕਸ਼ਮੀ ਪੂਜਾ ’ਤੇ ਹੀ ਵਿਸ਼ੇਸ਼ ਯੋਗ
ਇਸ ਵਾਰ ਦੀਵਾਲੀ ਮੌਕੇ ਮਾਂ ਲਕਸ਼ਮੀ ਦੀ ਪੂਜਾ ਲਈ ਵਿਸ਼ੇਸ਼ ਸੰਯੋਗ ਬਣ ਰਿਹਾ ਹੈ। ਮਾਂ ਲਕਸ਼ਮੀ ਦੀ ਪੂਜਾ ਦਾ ਸ਼ੁਭ ਮੁਹੂਰਤ ਸ਼ਾਮ 5:54 ਵਜੇ ਤੋਂ ਲੈ ਕੇ ਰਾਤ 7:50 ਵਜੇ ਤੱਕ ਰਹੇਗਾ। ਇਸ ਦੌਰਾਨ ਬੁੱਧਾਦਿੱਤਿਆ ਰਾਜਯੋਗ ਦਾ ਵੀ ਨਿਰਮਾਣ ਹੋ ਰਿਹਾ ਹੈ, ਜਿਸ ਨਾਲ ਪੂਜਾ ਦਾ ਮਹੱਤਵ ਹੋਰ ਵਧ ਜਾਂਦਾ ਹੈ। ਜੋਤਿਸ਼ ਆਚਾਰੀਆ ਅਨੁਸਾਰ ਇਸ ਯੋਗ ’ਚ ਕੀਤੀ ਗਈ ਪੂਜਾ ਨਾਲ ਘਰ ’ਚ ਸੁੱਖ-ਸਮ੍ਰਿੱਧੀ, ਧਨ-ਧਾਨ ਤੇ ਸ਼ਾਂਤੀ ਦਾ ਵਾਸ ਹੁੰਦਾ ਹੈ। ਉੱਥੇ ਹੀ ਦੋ ਸਾਲਾਂ ਬਾਅਦ ਇਸ ਵਾਰ ਦੀਵਾਲੀ ਇੱਕੋ ਦਿਨ ਮਨਾਈ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਮੱਸਿਆ ਤਿਥੀ ਦੋ ਦਿਨਾਂ ਵਿੱਚ ਵੰਡੀ ਹੋਣ ਕਾਰਨ ਤਿਉਹਾਰ ਨੂੰ ਲੈ ਕੇ ਦੁਚਿਤੀ ਵਾਲੀ ਸਥਿਤੀ ਬਣੀ ਰਹੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਹਿੰਦੂ ਪੰਚਾਂਗ ਅਨੁਸਾਰ ਮੱਸਿਆ ਤਿਥੀ 8 ਨਵੰਬਰ ਨੂੰ ਸਵੇਰੇ ਕਰੀਬ 11:27 ਵਜੇ ਸ਼ੁਰੂ ਹੋ ਕੇ 9 ਨਵੰਬਰ ਨੂੰ ਦੁਪਹਿਰ ਕਰੀਬ 12:31 ਵਜੇ ਤੱਕ ਰਹੇਗੀ। ਇਸ ਤਰ੍ਹਾਂ ਦੀਵਾਲੀ ਦਾ ਤਿਉਹਾਰ 8 ਨਵੰਬਰ ਨੂੰ ਹੀ ਮਨਾਇਆ ਜਾਵੇਗਾ।
ਇਸ ਸਬੰਧੀ ਜੋਤਿਸ਼ ਆਚਾਰੀਆ ਪ੍ਰਿੰਸ ਸ਼ਰਮਾ ਦੱਸਦੇ ਹਨ ਕਿ ਇਸ ਵਾਰ ਦੀਵਾਲੀ 'ਤੇ ਕਈ ਸ਼ੁਭ ਸੰਯੋਗ ਇਕੱਠੇ ਬਣ ਰਹੇ ਹਨ। ਸੂਰਜ ਤੇ ਬੁੱਧ ਦੀ ਯੁਤੀ ਨਾਲ ਬੁੱਧਾਦਿੱਤਿਆ ਰਾਜਯੋਗ ਬਣ ਰਿਹਾ ਹੈ। ਇਹ ਯੋਗ ਵਪਾਰ, ਨੌਕਰੀ ਤੇ ਸਿੱਖਿਆ ਦੇ ਖੇਤਰ ਲਈ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ। ਇਸ ਦਿਨ ਮਾਂ ਲਕਸ਼ਮੀ ਦੇ ਨਾਲ ਭਗਵਾਨ ਗਣੇਸ਼, ਕੁਬੇਰ ਤੇ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਪੂਜਾ ਸਮੇਂ ਘਰ ਦੇ ਮੁੱਖ ਦਰਵਾਜ਼ੇ 'ਤੇ ਦੀਵਾ ਜਗਾਉਣਾ ਤੇ ਅੰਬ ਦੇ ਪੱਤਿਆਂ ਦਾ ਤੋਰਨ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਇਸੇ ਤਰ੍ਹਾਂ ਸ੍ਰੀ ਹਰਿ ਦਰਸ਼ਨ ਮੰਦਰ, ਅਸ਼ੋਕ ਨਗਰ ਦੇ ਮੁੱਖ ਪੁਜਾਰੀ ਪੰਡਿਤ ਪ੍ਰਮੋਦ ਸ਼ਾਸਤਰੀ ਦੱਸਦੇ ਹਨ ਕਿ ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਸ਼ਾਮ 5:54 ਵਜੇ ਤੋਂ ਰਾਤ 7:50 ਵਜੇ ਤੱਕ ਰਹੇਗਾ। ਹਾਲਾਂਕਿ, ਚੌਘੜੀਆ ਅਨੁਸਾਰ ਬਦਲਵਾਂ ਸਮਾਂ 9 ਨਵੰਬਰ ਦੀ ਰਾਤ 1:43 ਵਜੇ ਤੋਂ ਸਵੇਰੇ 3:21 ਵਜੇ ਤੱਕ ਤੇ ਇਸੇ ਦਿਨ ਸਵੇਰੇ 5 ਵਜੇ ਤੋਂ 6:38 ਵਜੇ ਤੱਕ ਰਹੇਗਾ। ਉਨ੍ਹਾਂ ਦੱਸਿਆ ਕਿ ਪੂਜਾ ਤੋਂ ਪਹਿਲਾਂ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਚਾਹੀਦੀ ਹੈ। ਪੂਜਾ ਸਥਾਨ 'ਤੇ ਗੰਗਾਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਲਾਲ ਕੱਪੜੇ 'ਤੇ ਮਾਂ ਲਕਸ਼ਮੀ ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਕਮਲ ਦਾ ਫੁੱਲ, ਕੌਡੀਆਂ, ਬਤਾਸੇ, ਮਖਾਣੇ, ਫਲ ਤੇ ਮਠਿਆਈਆਂ ਅਰਪਿਤ ਕਰਨੀਆਂ ਚਾਹੀਦੀਆਂ ਹਨ। ਘਿਓ ਦੇ ਦੀਵੇ ਨਾਲ ਆਰਤੀ ਕਰਨ ਤੋਂ ਬਾਅਦ ਘਰ ਦੇ ਸਾਰੇ ਕੋਨਿਆਂ ਵਿੱਚ ਦੀਵੇ ਜਗਾਉਣੇ ਚਾਹੀਦੇ ਹਨ। ਤੁਲਸੀ ਦੇ ਪੌਦੇ ਕੋਲ ਵੀ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ।