ਦੁਕਾਨਦਾਰਾਂ ਨੇ ਰੁਕਵਾਇਆ ਫਲਾਈਓਵਰ ਨਿਰਮਾਣ ਦਾ ਕੰਮ ਗੜ੍ਹਾ ਰੇਲਵੇ ਫਾਟਕ 'ਤੇ ਫਲਾਈਓਵਰ ਨਿਰਮਾਣ ਦਾ ਦੁਕਾਨਦਾਰਾਂ ਵੱਲੋਂ ਤਿੱਖਾ ਰੋਸ, ਕੰਮ ਰੁਕਵਾ ਕੇ ਭਾਜਪਾ ਨੂੰ ਕੀਤੀ ਅਪੀਲ
Publish Date: Mon, 14 Sep 2026 08:08 PM (IST)
Updated Date: Mon, 14 Sep 2026 08:11 PM (IST)
-ਜੂਨ ਮਹੀਨੇ ਕੇਂਦਰੀ ਰਾਜ ਮੰਤਰੀ ਨੇ ਰੱਖਿਆ ਸੀ 112.93 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ -500 ਤੋਂ ਵੱਧ ਪਰਿਵਾਰਾਂ ਦੇ ਰੋਜ਼ਗਾਰ ਤੇ ਸੰਕਟ ਦਾ ਖਦਸ਼ਾ, ਟ੍ਰੈਫਿਕ ਪੁਲਿਸ ਤਾਇਨਾਤ ਕਰਨ ਦੀ ਮੰਗ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਗੜ੍ਹਾ ਰੇਲਵੇ ਕਰਾਸਿੰਗ ਤੇ 900 ਮੀਟਰ ਲੰਬੇ ਫਲਾਈਓਵਰ (ਰੋਡ ਓਵਰ ਬ੍ਰਿਜ) ਦਾ ਨਿਰਮਾਣ ਕਾਰਜ ਸ਼ੁਰੂ ਹੁੰਦਿਆਂ ਹੀ ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸੋਮਵਾਰ ਨੂੰ ਜਿਵੇਂ ਹੀ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਇਆ, ਦੁਕਾਨਦਾਰਾਂ ਨੇ ਇਕੱਠੇ ਹੋ ਕੇ ਮੌਕੇ ਤੇ ਪਹੁੰਚ ਕੇ ਕੰਮ ਵਿਚਕਾਰ ਹੀ ਰੁਕਵਾ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਫਲਾਈਓਵਰ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਦੇ ਬਣਨ ਨਾਲ ਉਨ੍ਹਾਂ ਦਾ ਸਾਲਾਂ ਪੁਰਾਣਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। --- 112.93 ਕਰੋੜ ਦਾ ਪ੍ਰੋਜੈਕਟ ਤੇ ਪੁਰਾਣਾ ਵਿਰੋਧ ਜ਼ਿਕਰਯੋਗ ਹੈ ਕਿ ਲੰਘੀ 24 ਜੂਨ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਲੰਧਰ ਵਿੱਚ ਗੁਰੂ ਨਾਨਕਪੁਰਾ ਤੇ ਬੱਸ ਸਟੈਂਡ ਫਾਟਕ ਤੇ 112.93 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਆਰ.ਓ.ਬੀ. ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ। ਹਾਲਾਂਕਿ, ਗੁਰੂ ਨਾਨਕ ਪੁਰਾ ’ਚ ਬਣਨ ਵਾਲੇ ਪੁਲ ਦਾ ਵੀ ਇਲਾਕਾ ਨਿਵਾਸੀਆਂ ਵੱਲੋਂ ਪਹਿਲਾਂ ਹੀ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਗੜ੍ਹਾ ਰੋਡ ਦੇ ਦੁਕਾਨਦਾਰਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਭਾਜਪਾ ਨੇਤਾਵਾਂ ਅਤੇ ਪ੍ਰਸ਼ਾਸਨ ਤੋਂ ਇਸ ਪ੍ਰੋਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। --- 500 ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਵਾਲ ਦੁਕਾਨਦਾਰਾਂ ਦੇ ਪ੍ਰੈਜ਼ੀਡੈਂਟ ਚੰਦਨ ਕੁਮਾਰ ਨੇ ਦੱਸਿਆ ਕਿ ਪਿਛਲੇ 60 ਸਾਲਾਂ ਤੋਂ ਇਸ ਬਾਜ਼ਾਰ ਨਾਲ ਲਗਪਗ 500 ਪਰਿਵਾਰਾਂ ਦਾ ਪਾਲਣ-ਪੋਸ਼ਣ ਹੋ ਰਿਹਾ ਹੈ। ਪੁਲ ਦੇ ਨਿਰਮਾਣ ਵਿੱਚ ਘੱਟੋ-ਘੱਟ 2 ਸਾਲ ਦਾ ਸਮਾਂ ਲੱਗੇਗਾ। ਅਜਿਹੇ ਵਿੱਚ 2 ਸਾਲਾਂ ਤੱਕ ਇਹ 500 ਪਰਿਵਾਰ ਆਪਣਾ ਗੁਜ਼ਾਰਾ ਕਿਵੇਂ ਕਰਨਗੇ? ਉਨ੍ਹਾਂ ਦੱਸਿਆ ਕਿ ਪੁਲ ਦੇ ਨਿਰਮਾਣ ਤੋਂ ਪਹਿਲਾਂ ਵੀ ਅਧਿਕਾਰੀਆਂ ਨੂੰ ਮੌਕਾ ਦਿਖਾ ਕੇ ਇਸ ਨੂੰ ਨਾ ਬਣਾਉਣ ਦੀ ਗੁਹਾਰ ਲਗਾਈ ਗਈ ਸੀ, ਪਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ। --- ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕਰਨ ਦਾ ਦਿੱਤਾ ਸੁਝਾਅ ਦੁਕਾਨਦਾਰਾਂ ਨੇ ਭਾਜਪਾ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਗੰਭੀਰ ਹਨ, ਤਾਂ ਇੱਥੇ ਕਰੋੜਾਂ ਰੁਪਏ ਖਰਚ ਕੇ ਫਲਾਈਓਵਰ ਬਣਾਉਣ ਦੀ ਥਾਂ ਸਿਰਫ਼ ਟ੍ਰੈਫਿਕ ਪੁਲਿਸ ਦੇ ਜਵਾਨ ਤਾਇਨਾਤ ਕਰ ਦਿੱਤੇ ਜਾਣ। ਇਸ ਨਾਲ ਟ੍ਰੈਫਿਕ ਦਾ ਸੁਚੱਜਾ ਹੱਲ ਹੋ ਜਾਵੇਗਾ ਅਤੇ ਲੋਕਾਂ ਦਾ ਰੋਜ਼ਗਾਰ ਵੀ ਬਚ ਜਾਵੇਗਾ। --- ਹੋਰ ਚੌਂਕਾਂ ਦੀਆਂ ਦਿੱਤੀਆਂ ਉਦਾਹਰਨਾਂ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਸ਼ਹਿਰ ਦੀਆਂ ਹੋਰ ਥਾਵਾਂ ਜਿਵੇਂ ਕਿ ਚਿਕ-ਚਿਕ ਚੌਂਕ, ਫੁੱਟਬਾਲ ਚੌਂਕ, ਲਾਡੋਵਾਲੀ ਰੋਡ ਅਤੇ ਬੱਸ ਸਟੈਂਡ ਚੌਂਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਥਾਵਾਂ ਤੇ ਪੁਲ ਬਣਨ ਤੋਂ ਬਾਅਦ ਟ੍ਰੈਫਿਕ ਸਮੱਸਿਆ ਘਟਣ ਦੀ ਥਾਂ ਹੋਰ ਵਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਵਨੀਤ ਬਿੱਟੂ ਦੇ ਨੀਂਹ ਪੱਥਰ ਸਮਾਗਮ ਦੌਰਾਨ ਵੀ ਪੁਲ ਨਾ ਬਣਾਉਣ ਦੀ ਅਪੀਲ ਕੀਤੀ ਗਈ ਸ, ਪਰ ਸਿਰਫ਼ ਫੋਟੋਆਂ ਖਿਚਵਾਉਣ ਲਈ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਲਾਕੇ ਦੇ ਲੋਕ ਹੀ ਇਸ ਨਿਰਮਾਣ ਤੋਂ ਦੁਖੀ ਹਨ ਤਾਂ ਪ੍ਰਸ਼ਾਸਨ ਇਹ ਪੁਲ ਕਿਸ ਦੇ ਫਾਇਦੇ ਲਈ ਬਣਾ ਰਿਹਾ ਹੈ? ਉਨ੍ਹਾਂ ਸਾਫ਼ ਚਿਤਾਵਨੀ ਦਿੱਤੀ ਹੈ ਕਿ ਉਹ ਇੱਥੇ ਫਲਾਈਓਵਰ ਦਾ ਕੰਮ ਨਹੀਂ ਚੱਲਣ ਦੇਣਗੇ।