
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਕੋਦਰ 'ਚ ਆਵਾਰਾ ਕੁੱਤਿਆਂ ਦਾ ਆਤੰਕ: ਥੜ੍ਹੇ ਤੋਂ ਹੇਠਾਂ ਡਿੱਗੇ ਦੁਕਾਨਦਾਰ ਨੂੰ ਸਟ੍ਰੀਟ ਡੌਗ ਨੇ 12-15 ਥਾਵਾਂ 'ਤੇ ਵੱਢਿਆ

-ਹੱਥ, ਪੈਰ, ਢਿੱਡ ਤੇ ਗਰਦਨ 'ਤੇ ਕੀਤੇ ਡੂੰਘੇ ਜ਼ਖ਼ਮ, ਨਗਰ ਕੌਂਸਲ ਤੋਂ ਸਖ਼ਤ ਕਾਰਵਾਈ ਦੀ ਮੰਗ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਏਨੀ ਵਧ ਚੁੱਕੀ ਹੈ ਕਿ ਹੁਣ ਘਰਾਂ ਤੇ ਦੁਕਾਨਾਂ ਦੇ ਬਾਹਰ ਖੜ੍ਹੇ ਲੋਕ ਵੀ ਸੁਰੱਖਿਅਤ ਨਹੀਂ ਹਨ। ਸੋਮਵਾਰ ਸਵੇਰੇ ਨਕੋਦਰ ਦੇ ਮੁਹੱਲਾ ਗੁਰੂ ਨਾਨਕਪੁਰਾ ’ਚ ਅਵਾਰਾ ਕੁੱਤੇ ਨੇ ਇਕ ਦੁਕਾਨਦਾਰ 'ਤੇ ਅਚਾਨਕ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਪੀੜਤ ਮਨਜਿੰਦਰਜੀਤ ਸਿੰਘ ਲੱਕੀ ਨੇ ਦੱਸਿਆ ਕਿ ਸਵੇਰੇ ਕਰੀਬ 8:30 ਤੋਂ 9:00 ਵਜੇ ਉਹ ਦੁਕਾਨ ਦੇ ਥੜ੍ਹੇ 'ਤੇ ਖੜ੍ਹੇ ਸਨ। ਉਸੇ ਵੇਲੇ ਇਕ ਅਵਾਰਾ ਨੇ ਉਨ੍ਹਾਂ 'ਤੇ ਝਪਟਾ ਮਾਰਿਆ। ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਪਏ ਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ। ਜ਼ਮੀਨ 'ਤੇ ਡਿੱਗਣ ਤੋਂ ਬਾਅਦ ਕੁੱਤਾ ਕਰੀਬ 1 ਤੋਂ ਡੇਢ ਮਿੰਟ ਤੱਕ ਨੋਚਦਾ ਰਿਹਾ। ਉਸ ਦੇ ਹੱਥ, ਪੈਰ, ਢਿੱਡ, ਲੱਤਾਂ ਤੇ ਗਰਦਨ ਕੋਲੋਂ 12 ਤੋਂ 15 ਥਾਵਾਂ 'ਤੇ ਵੱਢ ਲਿਆ। ਰੌਲਾ ਪਾਉਣ 'ਤੇ ਮੁਹੱਲਾ ਵਾਸੀਆਂ ਨੇ ਕੁੱਤੇ ਨੂੰ ਭਜਾ ਕੇ ਜਾਨ ਬਚਾਈ। ਜ਼ਖ਼ਮੀ ਲੱਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਤੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਲੱਕੀ ਨੇ ਕਿਹਾ ਕਿਹਾ ਸ਼ਹਿਰ ’ਚ ਇਹ ਇਕੱਲਾ ਮਾਮਲਾ ਨਹੀਂ ਹੈ। ਪਿਛਲੇ ਹਫ਼ਤੇ ਸਰਾਫ਼ਾ ਬਾਜ਼ਾਰ ’ਚ ਵੀ ਅਵਾਰਾ ਕੁੱਤੇ ਨੇ ਲੋਕਾਂ 'ਤੇ ਹਮਲਾ ਕਰ ਚੁੱਕਾ ਹੈ। ਇਲਾਕਾ ਵਾਸੀਆਂ ’ਚ ਭਾਰੀ ਰੋਸ ਹੈ ਕਿ ਗਲੀਆਂ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਕੁੱਤਿਆਂ ਨੂੰ ਬਿਸਕੁੱਟ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਪਾਉਣ ਵਾਲਿਆਂ ਦੇ ਰਵੱਈਏ 'ਤੇ ਵੀ ਸਵਾਲ ਚੁੱਕੇ ਜੋ ਹਟਾਉਣ ਵੇਲੇ ਤਾਂ ਝਗੜਾ ਕਰਦੇ ਹਨ ਪਰ ਹਾਦਸਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਲੱਕੀ ਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਨ੍ਹਾਂ ਕੁੱਤਿਆਂ ਦਾ ਤੁਰੰਤ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਤੇ ਉਹ ਇਸ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇਣਗੇ।