ਕੰਕਰੀਟ ਦੀ ਕੰਧ ਕਾਰਨ ਕਈ ਪਿੰਡ ਹੋਣਗੇ ਪ੍ਰਭਾਵਿਤ : ਨਛੱਤਰ ਸਿੰਘ
ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ, ਕਿਸਾਨ ਯੂਨੀਅਨ ਬਾਗੀ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Publish Date: Thu, 02 Apr 2026 10:35 PM (IST)
Updated Date: Thu, 02 Apr 2026 10:37 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ), ਪੰਜਾਬ ਕਿਸਾਨ ਯੂਨੀਅਨ ਬਾਗੀ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਆਈਟੀਸੀ ਕੰਪਨੀ ਦੀ ਇਕ ਪ੍ਰਾਈਵੇਟ ਫਰਮ ਵੱਲੋਂ 100 ਕਿੱਲੇ ਜ਼ਮੀਨ ਖਰੀਦ ਕੇ ਲੰਬੀ ਕੰਕਰੀਟ ਦੀ ਦੀਵਾਰ ਉਸਾਰੀ ਜਾ ਰਹੀ ਹੈ। ਇਸ ਨਾਲ ਮੰਡੇਰ ਬੇਟ, ਬੁੱਢਾ ਥੇਹ, ਫੱਤੂ ਚੱਕ, ਨੂਰਪੁਰ ਜੱਟਾਂ, ਬਿਜਲੀ ਨੰਗਲ, ਭੁੱਲਰ ਬੇਟ, ਨੂਰਪੁਰ ਲੁਬਾਣਾ ਤੇ ਹੋਰ ਵੀ ਪਿੰਡ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਮਾਫੀਏ ਵੱਲੋਂ ਸਲਾਨਾ ਫੀਸਾਂ ਦੇ ਨਾਂ ’ਤੇ ਮਾਪਿਆਂ ਦੀ ਲੁੱਟ ਕੀਤੀ ਜਾਂਦੀ ਹੈ। ਛੁੱਟੀਆਂ ਦੇ ਦਿਨਾਂ ਵਿੱਚ ਬੱਸਾਂ ਦਾ ਵਾਧੂ ਕਿਰਾਇਆ ਵਸੂਲਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਇਸ ਮਸਲੇ ’ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਕਿਸਾਨ ਯੂਨੀਅਨ ਬਾਗੀ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਬੀਕੇਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ, ਸਕੱਤਰ ਲਖਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਸਿੰਘ, ਹਰਪਿੰਦਰ ਸਿੰਘ, ਮਨਿੰਦਰ ਸਿੰਘ, ਜ਼ਿਲ੍ਹਾ ਤਰਨ ਤਰਨ ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।