ਸ਼ੇਰਾ ਗੁੱਜਰ ਨੇ ਨਾਬਜੀ ਇਰਾਨੀ ਨੂੰ ਹਰਾ ਕੇ ਜਿੱਤਿਆ ਪਟਕਾ ਤਰਖਾਣ ਮਜਾਰਾ ਦੀ ਛਿੰਝ ’ਚ ਸ਼ੇਰਾ ਗੁੱਜਰ ਨੇ ਨਾਬਜੀ ਇਰਾਨੀ ਨੂੰ ਹਰਾ ਕੇ ਪਟਕਾ ਜਿੱਤਿਆ
Publish Date: Tue, 29 Sep 2026 07:37 PM (IST)
Updated Date: Tue, 29 Sep 2026 07:39 PM (IST)
-ਪੰਜਾਬ ਦੇ ਕੋਨੇ-ਕੋਨੇ ਤੋਂ ਪਹਿਲਵਾਨਾਂ ਨੇ ਪੁੱਜ ਕੇ ਕੁਸ਼ਤੀ ਦੇ ਜੌਹਰ ਦਿਖਾਏ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਪਿੰਡ ਤਰਖਾਣ ਮਜਾਰਾ ਵਿਖੇ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ’ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹਿਲਵਾਨਾਂ ਨੇ ਪਹੁੰਚ ਕੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਛਿੰਝ ਮੇਲੇ ’ਚ ਹਲਕਾ ਫਿਲੌਰ ਦੀ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੂੰ ਛਿੰਝ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡ ਮੇਲੇ ਤੇ ਛਿੰਝ ਮੇਲੇ ਕਰਵਾਉਣਾ ਸਮੇਂ ਦੀ ਲੋੜ ਹੈ। ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਮੇਲੇ ਦੌਰਾਨ ਪਟਕੇ ਦੀ ਮੁੱਖ ਕੁਸ਼ਤੀ ਸ਼ੇਰਾ ਗੁੱਜਰ ਤੇ ਨਾਬਜੀ ਇਰਾਨੀ ਪਹਿਲਵਾਨ ਵਿਚਕਾਰ ਹੋਈ। ਇਸ ਮੁਕਾਬਲੇ ’ਚ ਸ਼ੇਰਾ ਗੁੱਜਰ ਨੇ ਨਾਬਜੀ ਇਰਾਨੀ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਜਿੱਤੀ। ਦੂਜੇ ਨੰਬਰ ਦੀ ਕੁਸ਼ਤੀ ਰੌਸ਼ਨ ਕਿਰਲਗੜ੍ਹ ਤੇ ਭੀਮ ਦਿੱਲੀ ਵਿਚਕਾਰ ਹੋਈ, ਜਿਸ ’ਚ ਰੌਸ਼ਨ ਕਿਰਲਗੜ੍ਹ ਜੇਤੂ ਰਿਹਾ। ਤੀਜੇ ਨੰਬਰ ਦੀ ਕੁਸ਼ਤੀ ਸੋਨੀ ਸੁਹੇਰਾ ਤੇ ਤੀਰਥ ਮਾਹਲ ਵਿਚਕਾਰ ਹੋਈ, ਜੋ ਬਰਾਬਰੀ ’ਤੇ ਸਮਾਪਤ ਹੋਈ। ਇਸ ਮੌਕੇ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਵੱਲੋਂ ਮੇਲੇ ’ਚ ਪੁੱਜੀਆਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਐਂਕਰ ਦੀ ਭੂਮਿਕਾ ਕਰਮਦੀਨ ਚੱਕ ਸਾਬੂ ਤੇ ਜਸਵੰਤ ਰਾਏ ਤਰਖਾਣ ਮਜਾਰਾ ਨੇ ਬਾਖੂਬੀ ਨਿਭਾਈ। ਇਸ ਮੌਕੇ ਮੋਹਣ ਲਾਲ ਸਰਪੰਚ, ਨਿਰਮਲ ਸਿੰਘ ਮੰਗੀ, ਲਖਦੀਪ ਸਿੰਘ ਬਬਲੂ, ਜਸਵੰਤ ਰਾਏ, ਤੀਰਥ ਸਿੰਘ ਲੰਬੜਦਾਰ, ਹਰਜਿੰਦਰ ਕੁਮਾਰ ਲੁਬਾਇਆ, ਦੇਸ ਰਾਜ ਮੱਲ, ਮੇਵਾ ਸਿੰਘ ਸਰਪੰਚ ਫਲਪੋਤਾ, ਗੋਰਾ ਫਲਪੋਤਾ, ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।