- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਦੁਰਗਾ ਦੇ ਸ਼ਰਦ ਨਰਾਤੇ ਅੱਜ ਤੋਂ ਸ਼ੁਰੂ, ਮੰਦਰਾਂ ਵਿੱਚ ਹੋਣਗੇ ਧਾਰਮਿਕ ਸਮਾਗਮ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਮਾਂ ਦੁਰਗਾ ਦੇ ਸ਼ਰਦ ਨਰਾਤੇ ਅੱਜ ਤੋਂ ਸ਼ੁਰੂ ਹੋ ਰਹੇ ਹਨ। ਨਰਾਤਿਆਂ ਦੌਰਾਨ ਭਗਤਜਨ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕਰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਜ਼ਿਆਦਾਤਰ ਸ਼ਰਧਾਲੂ ਵਰਤ ਰੱਖਦੇ ਹਨ। ਕਈ ਸ਼ਰਧਾਲੂ ਪੂਰੇ ਨੌਂ ਦਿਨ ਵਰਤ ਰੱਖਦੇ ਹਨ, ਜਦਕਿ ਕਈ ਪਹਿਲੇ ਅਤੇ ਆਖਰੀ ਨਰਾਤੇ ਦਾ ਵਰਤ ਰੱਖ ਕੇ ਮਾਤਾ ਰਾਣੀ ਦੀ ਅਰਾਧਨਾ ਕਰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਨਵਰਾਤਰਿਆਂ ਦੌਰਾਨ ਸੱਚੇ ਮਨ ਨਾਲ ਮਾਂ ਦੁਰਗਾ ਦੀ ਭਗਤੀ ਕਰਨ ਨਾਲ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਆਉਂਦੀ ਹੈ। ਇਨ੍ਹਾਂ ਦਿਨਾਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਮਾਤਾ ਰਾਣੀ ਦੀ ਆਰਤੀ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਸ਼ਰਧਾਲੂ ਘਰਾਂ ਅਤੇ ਮੰਦਰਾਂ ਵਿੱਚ ਪੂਜਾ-ਪਾਠ ਕਰਕੇ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਦੌਰਾਨ ਸ਼ਰਧਾਲੂ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕਰਨਗੇ। 11 ਅਕਤੂਬਰ ਨੂੰ ਘਟਸਥਾਪਨਾ ਕਰਕੇ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਵੇਗੀ। 12 ਅਕਤੂਬਰ ਨੂੰ ਮਾਂ ਬ੍ਰਹਮਚਾਰਿਣੀ, 13 ਅਕਤੂਬਰ ਨੂੰ ਮਾਂ ਚੰਦਰਘੰਟਾ, 14 ਅਕਤੂਬਰ ਨੂੰ ਮਾਂ ਕੁਸ਼ਮਾਂਡਾ, 15 ਅਕਤੂਬਰ ਨੂੰ ਮਾਂ ਸਕੰਦਮਾਤਾ, 16 ਅਕਤੂਬਰ ਨੂੰ ਮਾਂ ਕਾਤਿਆਇਨੀ ਅਤੇ 17 ਅਕਤੂਬਰ ਨੂੰ ਮਾਂ ਕਾਲਰਾਤਰੀ ਦੀ ਪੂਜਾ ਕੀਤੀ ਜਾਵੇਗੀ। 18 ਅਕਤੂਬਰ ਨੂੰ ਦੁਰਗਾ ਅਸ਼ਟਮੀ ਮੌਕੇ ਮਾਂ ਮਹਾਗੌਰੀ ਦੀ ਪੂਜਾ ਹੋਵੇਗੀ, ਜਦਕਿ 19 ਅਕਤੂਬਰ ਨੂੰ ਮਾਂ ਸਿੱਧਿਦਾਤਰੀ ਦੀ ਪੂਜਾ ਕੀਤੀ ਜਾਵੇਗੀ। ਇਸ ਤੋਂ ਬਾਅਦ 20 ਅਕਤੂਬਰ ਨੂੰ ਨਵਰਾਤਰਿਆਂ ਦੇ ਵਰਤਾਂ ਦਾ ਪਾਰਣ ਅਤੇ ਦੁਸਹਿਰਾ ਮਨਾਇਆ ਜਾਵੇਗਾ। ਨਰਾਤਿਆਂ ਦੌਰਾਨ ਭਗਤਜਨ ਆਖਰੀ ਨਰਾਤੇ ਜਾਂ ਅਸ਼ਟਮੀ ਵਾਲੇ ਦਿਨ ਕੰਨਿਆ ਪੂਜਨ ਕਰਦੇ ਹਨ। ਇਸ ਮੌਕੇ ਸ਼ਰਧਾਲੂ ਕੰਨਿਆਵਾਂ ਨੂੰ ਪੂਰੀ, ਕੜਾਹ ਪ੍ਰਸ਼ਾਦ ਅਤੇ ਆਪਣੀ ਸਮਰੱਥਾ ਅਨੁਸਾਰ ਤੋਹਫ਼ੇ ਭੇਟ ਕਰਦੇ ਹਨ। ਨਰਾਤਿਆਂ ਨੂੰ ਲੈ ਕੇ ਭਗਤਜਨਾਂ ਨੇ ਪੂਜਾ ਸਮੱਗਰੀ ਦੀਆਂ ਦੁਕਾਨਾਂ ਤੋਂ ਪੂਜਾ ਦਾ ਸਾਮਾਨ ਖਰੀਦਿਆ। ਸ਼ਹਿਰ ਦੇ ਮੰਦਰਾਂ ਵਿੱਚ ਵੀ ਨਰਾਤਿਆਂ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਬਾਜ਼ਾਰ ਵਿੱਚ ਪੂਜਾ ਸਮੱਗਰੀ ਦੀਆਂ ਦੁਕਾਨਾਂ ਤੋਂ ਇਲਾਵਾ ਵੱਖ-ਵੱਖ ਡਿਜ਼ਾਈਨਾਂ ਦੀਆਂ ਮਾਤਾ ਦੀਆਂ ਚੁੰਨੀਆਂ ਵੀ ਮਿਲ ਰਹੀਆਂ ਹਨ।
---
ਮੰਦਰਾਂ ਵਿੱਚ ਹੋਣਗੇ ਧਾਰਮਿਕ ਸਮਾਗਮ
ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਨੂੰ ਬੜੇ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਨਰਾਤਿਆਂ ਦੌਰਾਨ ਮੰਦਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਣਗੇ। ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਰ ਨੂੰ ਸੁੰਦਰ ਲਾਈਟਿੰਗ ਨਾਲ ਸਜਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਸ੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਇਸ ਵਾਰ ਪਹਿਲੇ ਨਰਾਤੇ ਨੂੰ ਹੀ ਸ੍ਰੀ ਦੇਵੀ ਤਾਲਾਬ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ੍ਰੀ ਦੁਰਗਾ ਸਤੁਤੀ ਦੇ ਪਾਠ ਹੋਣਗੇ। ਇਸ ਉਪਰੰਤ ਨਰਾਤਿਆਂ ਦੌਰਾਨ ਵਰਤ ਵਿੱਚ ਖਾਧੀ ਜਾਣ ਵਾਲੀ ਸਮੱਗਰੀ ਦਾ ਲੰਗਰ ਲਗਾਇਆ ਜਾਵੇਗਾ ਅਤੇ ਪ੍ਰਸ਼ਾਦ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਰਾਤਿਆਂ ਦੌਰਾਨ ਹਰ ਰੋਜ਼ ਸ਼ਾਮ 7 ਵਜੇ ਭਜਨ ਸੰਧਿਆ ਹੋਵੇਗੀ, ਜਿਸ ਵਿੱਚ ਭਜਨ ਗਾਇਕ ਮਹਾਮਾਈ ਦਾ ਗੁਣਗਾਨ ਕਰਨਗੇ। ਇਸੇ ਤਰ੍ਹਾਂ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੀਤਾ ਮੰਦਰ ਵਿੱਚ ਵੀ ਨਰਾਤਿਆਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਵਿਜੇ ਖੁੱਲਰ ਨੇ ਦੱਸਿਆ ਕਿ ਪਹਿਲੇ ਨਰਾਤੇ, ਐਤਵਾਰ ਨੂੰ ਸਵੇਰੇ 9 ਵਜੇ ਮੰਦਰ ਵਿੱਚ ਪੂਜਾ ਕਰਕੇ ਕਲਸ਼ ਸਥਾਪਨਾ ਕੀਤੀ ਜਾਵੇਗੀ। ਨਰਾਤਿਆਂ ਦੌਰਾਨ ਹਰ ਰੋਜ਼ ਮਾਂ ਭਗਵਤੀ ਦੀ ਪੂਜਾ ਹੋਵੇਗੀ। ਇਸ ਤੋਂ ਇਲਾਵਾ ਸ਼ਾਮ ਨੂੰ ਮੰਦਰ ਵਿੱਚ ਸੰਗਤਾਂ ਵੱਲੋਂ ਰੋਜ਼ਾਨਾ ਭਜਨ-ਕੀਰਤਨ ਵੀ ਕੀਤਾ ਜਾਵੇਗਾ।