- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹਕੋਟ ਪੁਲਿਸ ਵੱਲੋਂ ਨਸ਼ੀਲੇ ਪਦਾਰਥ,10 ਮੋਟਰਸਾਈਕਲ ਤੇ ਭਗੌੜਾ ਕਾਬੂ

ਗੋਲੀ ਲੱਗਣ ਦੀ ਘਟਨਾ ਚ ਜ਼ਖ਼ਮੀ ਲਵਪ੍ਰੀਤ ਹਸਪਤਾਲ ’ਚੋਂ ਗਾਇਬ : ਡੀਐੱਸਪੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਡੀਐੱਸਪੀ ਸਬ-ਡਵੀਜ਼ਨ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਆਪਣੇ ਦਫਤਰ ਬੁਲਾਈ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਸਬ-ਡਵੀਜ਼ਨ ਅਧੀਨ ਪੈਂਦੇ ਤਿੰਨਾਂ ਥਾਣਿਆਂ ਤੇ ਦੋਵਾਂ ਪੁਲਿਸ ਚੌਕੀਆਂ ਦੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਅਪ੍ਰੇਸ਼ਨ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਵਰਤਦਿਆਂ ਐੱਨਡੀਪੀਐੱਸ ਐਕਟ ਤਹਿਤ 4 ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਕਾਰਵਾਈ ਦੌਰਾਨ 15 ਗ੍ਰਾਮ ਹੈਰੋਇਨ ਤੇ ਵਪਾਰਕ ਮਾਤਰਾ ਵਿੱਚ ਕਰੀਬ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਲੋਹੀਆਂ ਖੇਤਰ ਵਿੱਚ ਲੰਮੇ ਸਮੇਂ ਤੋਂ ਨਸ਼ੇ ਦੇ ਆਦੀ ਦੋ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਮੋਗਾ ਵਿਖੇ ਦਾਖ਼ਲ ਕਰਵਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਅਪ੍ਰੇਸ਼ਨ ਦੌਰਾਨ ਮਹਿਤਪੁਰ ਪੁਲਿਸ ਨੇ ਧਾਰਾ 82/83 ਤਹਿਤ ਲੰਮੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਸ਼ੱਕੀ ਅਤੇ ਸਮਾਜ ਵਿਰੋਧੀ ਅਨਸਰਾਂ ਦੇ 10 ਮੋਟਰਸਾਈਕਲ ਵੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ। ਡੀਐੱਸਪੀ ਬੱਲ ਨੇ ਸਪੱਸ਼ਟ ਕੀਤਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਰਾਹ ਤੋਰਨ ਵਾਲੇ ਸਮੱਗਲਰਾਂ ਖ਼ਿਲਾਫ਼ ਇਹ ਸਖ਼ਤ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਡੀਐੱਸਪੀ ਸਰਵਣ ਸਿੰਘ ਬੱਲ ਨੇ ਬੀਤੀ ਸ਼ਾਮ ਪਿੰਡ ਪੂਨੀਆ ਦੇ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਨੂੰ ਗੋਲੀ ਲੱਗਣ ਦੇ ਮਾਮਲੇ ਬਾਰੇ ਦੱਸਿਆ ਕਿ ਉਕਤ ਨੌਜਵਾਨ ਦੇ ਪੱਟ 'ਤੇ ਗੋਲੀ ਲੱਗੀ ਸੀ, ਪਰ ਉਹ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਬਜਾਏ ਉੱਥੋਂ ਪਰਚੀ ਬਣਵਾ ਕੇ ਚਲਾ ਗਿਆ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਜ਼ਖ਼ਮੀ ਨੌਜਵਾਨ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਇਰਾਦਾ ਕਤਲ, ਖੋਹ ਤੇ ਲੜਾਈ-ਝਗੜੇ ਦੇ 3 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਘਟਨਾ ਸਥਾਨ ਤੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਮਾਮਲਾ ਲੁੱਟ-ਖੋਹ ਦਾ ਨਹੀਂ ਹੈ, ਸਗੋਂ ਆਪਸੀ ਰੰਜਿਸ਼ ਦਾ ਜਾਪਦਾ ਹੈ। ਤਫ਼ਤੀਸ਼ੀ ਅਫ਼ਸਰ ਨੂੰ ਹਸਪਤਾਲ ਜਾ ਕੇ ਜ਼ਖ਼ਮੀ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।