ਕਿਤੇ ਪੁਲ 'ਚ ਤਰੇੜਾਂ ਕਿਤੇ ਸਕੂਲ ’ਚ ਭਰਿਆ ਪਾਣੀ ਸ਼ਾਹਕੋਟ ’ਚ ਪੁਲ 'ਚ ਦਰਾਰ, ਧੰਨੋਵਾਲੀ ਸਕੂਲ ’ਚ ਭਰਿਆ ਪਾਣੀ, ਸੂਰਿਆ ਐਨਕਲੇਵ ਵਿੱਚ ਨਾਲੀ ’ਚ ਫਸੀ ਸਕੂਲ ਬੱਸ
Publish Date: Wed, 05 Aug 2026 10:22 PM (IST)
Updated Date: Wed, 05 Aug 2026 10:25 PM (IST)
-ਅਗਲੇ 24 ਘੰਟਿਆਂ ਲਈ ਵੀ ਮੀਂਹ ਦਾ ਅਲਰਟ, ਦੋ ਦਿਨਾਂ ’ਚ 22.3 ਐੱਮਐੱਮ ਮੀਂਹ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਗਾਤਾਰ ਦੂਜੇ ਦਿਨ ਵੀ ਜਲੰਧਰ ’ਚ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਬੁੱਧਵਾਰ ਨੂੰ 12.7 ਐੱਮਐੱਮ ਮੀਂਹ ਦਰਜ ਕੀਤੀ ਗਈ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ’ਚ ਕੁੱਲ 22.3 ਐੱਮਐੱਮ ਮੀਂਹ ਪਿਆ ਹੈ। ਇਸ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ ਹੈ। ਕਿਤੇ ਪੁਲ ਨੁਕਸਾਨੀ ਹੋ ਰਹੇ ਹਨ, ਕਿਤੇ ਸੜਕਾਂ ਧੱਸ ਰਹੀਆਂ ਹਨ, ਸਕੂਲਾਂ ’ਚ ਪਾਣੀ ਦਾਖ਼ਲ ਹੋ ਗਿਆ ਹੈ ਤੇ ਬੱਚਿਆਂ ਨੂੰ ਪਾਣੀ ’ਚੋਂ ਲੰਘ ਕੇ ਕਲਾਸਾਂ ਤੱਕ ਪੁੱਜਣਾ ਪੈ ਰਿਹਾ ਹੈ। ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦਫ਼ਤਰਾਂ ਤੇ ਸਕੂਲਾਂ ਜਾਣ ਵਾਲੇ ਲੋਕਾਂ ਨੂੰ ਸੜਕਾਂ ਤੇ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਦਾ ਨਜ਼ਰ ਨਹੀਂ ਆ ਰਿਹਾ। ਸਵਾਲ ਇਹ ਉੱਠਦਾ ਹੈ ਕਿ ਮੌਨਸੂਨ ਤੋਂ ਪਹਿਲਾਂ ਸੁਰੱਖਿਆ ਤੇ ਨਿਕਾਸੀ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਇਹ ਹਾਲਾਤ ਕਿਉਂ ਬਣੇ ਅਤੇ ਵਾਹਨਾਂ ਨੂੰ ਨੁਕਸਾਨ ਕਿਉਂ ਝੱਲਣਾ ਪਿਆ? ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਨਾਲ-ਨਾਲ 11 ਅਗਸਤ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਅਜੇ ਸਿਰਫ਼ ਦੋ ਦਿਨਾਂ ਦੀ ਵਰਖਾ ਨਾਲ ਹੀ ਇਹ ਹਾਲਾਤ ਬਣ ਗਏ ਹਨ। ਜੇ ਆਉਣ ਵਾਲੇ ਦਿਨਾਂ ’ਚ ਹੋਰ ਵੱਧ ਮੀਂਹ ਪਿਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਹਰ ਸਾਲ ਮੌਨਸੂਨ ਆਉਂਦਾ ਹੈ, ਕਰੋੜਾਂ ਰੁਪਏ ਦੇ ਬਜਟ ਮਨਜ਼ੂਰ ਹੁੰਦੇ ਹਨ, ਮੀਟਿੰਗਾਂ ਹੁੰਦੀਆਂ ਹਨ ਤੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਫਿਰ ਵੀ ਨਾਲਿਆਂ ਦੀ ਸਫ਼ਾਈ, ਸੜਕਾਂ ਦੀ ਮੁਰੰਮਤ ਤੇ ਪੁਲਾਂ ਦੀ ਜਾਂਚ ਮਾਨਸੂਨ ਤੋਂ ਪਹਿਲਾਂ ਕਿਉਂ ਨਹੀਂ ਹੁੰਦੀ? ਹਰ ਸਾਲ ਮੀਂਹ ਆਉਂਦੇ ਹੀ ਪ੍ਰਬੰਧ ਫੇਲ੍ਹ ਹੋ ਜਾਂਦੇ ਹਨ ਤੇ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ----------------------- ਸ਼ਾਹਕੋਟ-ਮਲਸੀਆਂ ਰੋਡ ਦਾ ਪੁਲ ਹੋਇਆ ਖ਼ਰਾਬ ਸ਼ਾਹਕੋਟ-ਮਲਸੀਆਂ ਰੋਡ ਤੇ ਬਣੇ ਪੁਲ ਦਾ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਮੀਂਹ ਕਾਰਨ ਪੁਲ ਦਾ ਲੈਂਟਰ ਟੁੱਟ ਕੇ ਡਿੱਗ ਗਿਆ ਹੈ ਤੇ ਲੋਹੇ ਦੇ ਸਰੀਏ ਵੀ ਬਾਹਰ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ’ਚ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਇਸ ਪੁਲ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ। --------------------- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੰਨੋਵਾਲੀ ’ਚ ਭਰਿਆ ਪਾਣੀ ਬੁੱਧਵਾਰ ਸਵੇਰੇ ਪਏ ਮੀਂਹ ਕਾਰਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੰਨੋਵਾਲੀ ਦੇ ਬਾਹਰ ਹੀ ਨਹੀਂ, ਸਗੋਂ ਸਕੂਲ ਦੇ ਵਿਹੜੇ ਤੇ ਕਲਾਸਰੂਮਾਂ ’ਚ ਵੀ ਪਾਣੀ ਭਰ ਗਿਆ। ਛੋਟੇ-ਛੋਟੇ ਬੱਚਿਆਂ ਨੂੰ ਮਜਬੂਰੀ ’ਚ ਆਪਣੇ ਬਸਤੇ ਸਿਰ ਤੇ ਰੱਖ ਕੇ ਪਾਣੀ ’ਚੋਂ ਲੰਘ ਕੇ ਸਕੂਲ ਜਾਣਾ ਪਿਆ। ਇਸ ਦੌਰਾਨ ਰਾਹਗੀਰ ਤੇ ਬੱਚੇ ਪਾਣੀ ’ਚ ਤਿਲਕ ਕੇ ਡਿੱਗਦੇ ਰਹੇ। ਕਈ ਬੱਚਿਆਂ ਦੇ ਕੱਪੜੇ ਭਿੱਜ ਗਏ ਤੇ ਉਨ੍ਹਾਂ ਨੂੰ ਭਿੱਜੇ ਕੱਪੜਿਆਂ ’ਚ ਹੀ ਕਲਾਸਾਂ ’ਚ ਬੈਠਣਾ ਪਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਜੁੱਤੇ ਤੇ ਜੁਰਾਬਾਂ ਉਤਾਰ ਕੇ ਇੱਕ ਪਾਸੇ ਰੱਖ ਦਿੱਤੀਆਂ। ------------------------- ਜੰਨਤ ਐਵੇਨਿਊ ’ਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਤੋਂ ਬਾਅਦ ਮਾੜੇ ਹਾਲਾਤ ਲੱਧੇਵਾਲੀ ਸਥਿਤ ਜੰਨਤ ਐਵੇਨਿਊ ’ਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਤੋਂ ਬਾਅਦ ਇਲਾਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਇਨ੍ਹਾਂ ਮਾੜੇ ਹਾਲਾਤਾਂ ’ਚੋਂ ਲੰਘਣਾ ਪੈ ਰਿਹਾ ਹੈ। ਕਈ ਵਾਹਨ ਚਿੱਕੜ ’ਚ ਫਸ ਰਹੇ ਹਨ ਤੇ ਦੋਪਹੀਆ ਸਵਾਰ ਧੱਸਦੀ ਮਿੱਟੀ ’ਚ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ---------------- ਪੁੱਟੀ ਸੜਕ ’ਚ ਫਸੀ ਸਕੂਲੀ ਬੱਸ ਸੂਰਿਆ ਇਨਕਲੇਵ ’ਚ ਥਾਣਾ ਰਾਮਾ ਮੰਡੀ ਦੇ ਸਾਹਮਣੇ ਕਾਲੋਨੀ ਪਿੱਛੇ ਨਾਲੀ ਬਣਾਉਣ ਲਈ ਪੁੱਟੀ ਗਈ ਸੜਕ ਲਗਾਤਾਰ ਧੱਸ ਰਹੀ ਹੈ। ਮੀਂਹ ਦਾ ਪਾਣੀ ਭਰਨ ਕਾਰਨ ਇਸ ਦੀ ਅਸਲ ਹਾਲਤ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਦੁਪਹਿਰ ਵੇਲੇ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇਕ ਸਕੂਲ ਬੱਸ ਇਸੇ ਧੱਸੀ ਹੋਈ ਨਾਲੀ ਵਿੱਚ ਫਸ ਗਈ। ਖੁਸ਼ਕਿਸਮਤੀ ਨਾਲ ਬੱਸ ’ਚ ਸਵਾਰ ਸਾਰੇ ਬੱਚੇ ਸੁਰੱਖਿਅਤ ਰਹੇ। -------------------- ਹਾਈਵੇ ਹੀ ਨਹੀਂ, ਸਰਵਿਸ ਲੇਨਾਂ ਦੀ ਹਾਲਤ ਵੀ ਬਦਤਰ ਲਗਾਤਾਰ ਮੀਂਹ ਕਾਰਨ ਜਿੱਥੇ ਹਾਈਵੇ ਤੇ ਪਾਣੀ ਭਰ ਰਿਹਾ ਹੈ, ਉੱਥੇ ਸਰਵਿਸ ਰੋਡਾਂ ਦੀ ਹਾਲਤ ਇਸ ਤੋਂ ਵੀ ਵੱਧ ਖਰਾਬ ਹੋ ਗਈ ਹੈ। ਹਰ ਪਾਸੇ ਪਾਣੀ ਖੜ੍ਹਾ ਹੋਣ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਵੀ ਵਧ ਰਹੀ ਹੈ। ਇਹ ਹਾਲਾਤ ਸੂਰਿਆ ਇਨਕਲੇਵ ਤੋਂ ਫੋਕਲ ਪੁਆਇੰਟ ਤੱਕ ਤੇ ਦੂਜੇ ਪਾਸੇ ਫੋਕਲ ਪੁਆਇੰਟ ਤੋਂ ਸੁੱਚੀ ਪਿੰਡ ਤੱਕ ਦੇਖਣ ਨੂੰ ਮਿਲ ਰਹੇ ਹਨ। ਇਸ ਕਾਰਨ ਨਾ ਸਿਰਫ਼ ਦੁਕਾਨਦਾਰਾਂ ਨੂੰ, ਸਗੋਂ ਸਥਾਨਕ ਲੋਕਾਂ ਨੂੰ ਵੀ ਆਵਾਜਾਈ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।