ਮੂਲੇਵਾਲ ਖਹਿਰਾ ’ਚ ਸ਼ਹੀਦੀ ਜੋੜ ਮੇਲਾ 2 ਨੂੰ; ਇਮਾਨ ਸਿੰਘ ਮਾਨ ਕਰਨਗੇ ਸ਼ਿਰਕਤ ਮੂਲੇਵਾਲ ਖਹਿਰਾ ਵਿਖੇ ਸ਼ਹੀਦੀ ਜੋੜ ਮੇਲਾ 2 ਸਤੰਬਰ ਨੂੰ; ਇਮਾਨ ਸਿੰਘ ਮਾਨ ਕਰਨਗੇ ਸ਼ਿਰਕਤ
Publish Date: Sun, 30 Aug 2026 09:03 PM (IST)
Updated Date: Mon, 31 Aug 2026 04:08 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : 1947 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਤੇ ਸ਼ਰਧਾਂਜਲੀ ਅਰਪਿਤ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ, ਪਿੰਡ ਮੂਲੇਵਾਲ ਖਹਿਰਾ-ਬ੍ਰਾਹਮਣਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲਾ 2 ਸਤੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਸ਼ਾਹਕੋਟ ਤੇ ਸਰਪੰਚ ਸੋਹਣ ਸਿੰਘ ਖਹਿਰਾ ਨੇ ਦੱਸਿਆ ਕਿ 2 ਸਤੰਬਰ ਨੂੰ ਇਸ ਧਾਰਮਿਕ ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਸਵੇਰੇ 11 ਵਜੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਪੰਚ ਖਹਿਰਾ ਨੇ ਦੱਸਿਆ ਕਿ ਜੋੜ ਮੇਲੇ ਦੇ ਸਬੰਧੀ 120 ਸ੍ਰੀ ਅਖੰਡ ਪਾਠ ਸਾਹਿਬ 2 ਲੜੀਆਂ ’ਚ ਕਰਵਾਏ ਜਾ ਰਹੇ ਹਨ। ਪਹਿਲੀ ਲੜੀ ਦੇ ਭੋਗ 31 ਅਗਸਤ ਨੂੰ ਸਵੇਰੇ 10 ਵਜੇ ਪੈਣਗੇ ਤੇ ਦੂਜੀ ਲੜੀ ਉਸੇ ਦਿਨ 11 ਵਜੇ ਸ਼ੁਰੂ ਹੋਵੇਗੀ। 2 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਾਮ 4 ਵਜੇ ਤੱਕ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਦੌਰਾਨ ਭਾਈ ਸੁਰਜੀਤ ਸਿੰਘ, ਗਿਆਨੀ ਹਰਭਜਨ ਸਿੰਘ, ਭਾਈ ਸੁਖਵਿੰਦਰ ਸਿੰਘ ਅਰਸ਼ੀ, ਭਾਈ ਮਨਵੀਰ ਸਿੰਘ ਤੇ ਭਾਈ ਗੁਰਜੋਤ ਸਿੰਘ ਦਾ ਜਥਾ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੌਰਾਨ ਗੁਰੂ ਕੇ ਲੰਗਰ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤਣਗੇ। ਜਥੇਦਾਰ ਸੁਲੱਖਣ ਸਿੰਘ ਤੇ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।