ਸਮੱਸਿਆਵਾਂ ਹੱਲ ਕਰਨ ਦੀ ਇਕੱਠੇ ਹੋਣਾ ਪੈਣਾ : ਲੋਹਗੜ੍ਹ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
Publish Date: Mon, 28 Sep 2026 08:37 PM (IST)
Updated Date: Mon, 28 Sep 2026 08:39 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਇਸ ਨਗਰ ਦੇ ਸਭ ਤੋਂ ਵੱਧ ਮਸ਼ਹੂਰ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸਭ ਤੋਂ ਪਹਿਲਾਂ ਸਵੈ ਸੇਵੀ ਜਥੇਬੰਦੀਆਂ ਦੇ ਵਾਲੰਟੀਅਰਾਂ ਵੱਲੋਂ ਸ਼ਹੀਦ ਦੇ ਬੁੱਤ ਤੇ ਪਲੇਟਫਾਰਮ ਨੂੰ ਧੋਤਾ ਗਿਆ। ਸੰਖੇਪ ਜਿਹੇ ਸਮਾਗਮ ਦੀ ਸ਼ੁਰੂਆਤ ਲੜਕੀਆਂ ਵੱਲੋਂ ਇਨਕਲਾਬੀ ਗੀਤ ਗਾ ਕੇ ਕੀਤੀ ਗਈ ਜਦ’ਕਿ ਹੋਰ ਬੱਚਿਆਂ ਵੱਲੋਂ ਵੀ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਕਵੀਸ਼ਰਾਂ ਵੱਲੋਂ ਇਨਕਲਾਬੀ ਗੀਤ ਗਾ ਕੇ ਕਵੀਸ਼ਰੀ ਪੇਸ਼ ਕੀਤੀ ਗਈ। ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਉਸ ਦੇ ਜੀਵਨ ਫ਼ਲਸਫ਼ੇ ਦੇ ਅਲੱਗ-ਅਲੱਗ ਪਹਿਲੂਆਂ ’ਤੇ ਚਾਨਣਾ ਪਾ ਕੇ ਜਿਵੇਂ ਸਰੋਤਿਆਂ ਨੂੰ ਕੀਲ ਲਿਆ ਹੋਵੇ। ਉਚੇਚੇ ਤੌਰ ’ਤੇ ਸਮਾਗਮ ’ਚ ਹਾਜ਼ਰ ਹੋਏ ਕੇਵਲ ਸਿੰਘ ਦਾਨੇ ਵਾਲ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਕਨਵੀਨਰ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਮੌਕੇ ’ਤੇ ਲਖਵੀਰ ਸਿੰਘ ਕੰਗ, ਅਵਤਾਰ ਆਜ਼ਾਦ, ਸੁਖਪਾਲ ਸਿੰਘ, ਦਰਸ਼ਨ ਸਿੰਘ ਵਾੜਾ ਬੁੱਧ ਸਿੰਘ, ਸਤਨਾਮ ਸਿੰਘ ਆਦਿ ਵੱਲੋਂ ਨਸ਼ਿਆਂ ਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਮਾਰਚ ਵੀ ਕੀਤਾ ਗਿਆ। ਸੂਬਾ ਆਗੂ ਰਵਿੰਦਰ ਲੋਹਗੜ੍ਹ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਇਕ ਅਜਿਹੇ ਸਮਾਜ ਦਾ ਸੁਪਨਾ ਦੇਖਿਆ ਸੀ, ਜਿੱਥੇ ਹਰ ਨੌਜਵਾਨ ਨੂੰ ਰੁਜ਼ਗਾਰ, ਸਿੱਖਿਆ ਤੇ ਸਨਮਾਨ ਮਿਲੇ ਪਰ ਅੱਜ ਨੌਜਵਾਨ ਬੇਰੁਜ਼ਗਾਰੀ ਤੇ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਾਨੂੰ ਇਕੱਠੇ ਹੋ ਕੇ ਨੌਜਵਾਨਾਂ ਨੂੰ ਪਿੰਡ-ਪਿੰਡ ’ਚ ਜਾ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਠਾਂ ਇਕੱਠੇ ਹੋ ਕੇ ਲੜਨਾ ਪੈਣਾ ਹੈ ਤਾਂ ਹੀ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਦੇ ਹਾਂ। ਵਿਕਰਮ ਮੰਢਾਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣ, ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾਵੇ। ਤਹਿਸੀਲ ਪ੍ਰਧਾਨ ਪ੍ਰਿੰਸ ਸਹੋਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਿਰਫ਼ ਉਨ੍ਹਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਨੌਜਵਾਨਾਂ ਦੇ ਹੱਕਾਂ ਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਆਗੂ ਨਿਰਮਲ ਮਲਸੀਆਂ ਨੇ ਸਮਰਥਨ ਦਿੰਦੇ ਹੋਏ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਕੁਲਦੀਪ ਮੰਢਾਲਾ, ਨੰਦ ਲਾਲ ਲੋਹੀਆਂ, ਬਲਵਿੰਦਰ ਤਕੀਆ, ਕੁਲਵੀਰ ਸਿੰਘ, ਗੁਰਜੀਤ ਸਿੰਘ, ਗਗਨ ਰੋਹਿਤ, ਨਵਜੋਤ ਕੋਮਲ, ਅਭੀ ਦੀਪਾ, ਬਾਬਾ ਜੌਨੀ, ਤਨਵੀਰ ਬਿੱਲੀ ਭੁੱਲਰ, ਮੋਹਿਤ ਮੱਲ੍ਹੀਵਾਲ, ਹੈਰੀ ਰਾਈ ਵਾਲ ਆਦਿ ਵੀ ਮੌਕੇ ’ਤੇ ਮੌਜੂਦ ਸਨ।