ਮਾਨ ਸਰਕਾਰ ਨੇ ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤਣ ਦੀ ਬਜਾਏ ਹੋਰ ਕੁਝ ਨਹੀਂ ਕੀਤਾ : ਕਾਮਰੇਡ ਸੇਖੋਂ ਐਸ.ਐਫ.ਆਈ.ਤੇ ਡੀ.ਵਾਈ.ਐਫ.ਆਈ. ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ ਦੀ ਬਰਸੀ ਮਨਾਈ
Publish Date: Sat, 11 Jul 2026 09:34 PM (IST)
Updated Date: Sun, 12 Jul 2026 04:16 AM (IST)
ਐੱਸ.ਐੱਫ.ਆਈ. ਤੇ ਡੀ.ਵਾਈ.ਐੱਫ.ਆਈ. ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ ਦੀ ਬਰਸੀ ਮਨਾਈ, ਪੰਡਿਤ ਕਿਸ਼ੋਰੀ ਲਾਲ ਵੱਲੋਂ ਲੁੱਟ-ਖਸੁੱਟ ਰਹਿਤ ਰਾਜ ਪ੍ਰਬੰਧ ਦੀ ਸਥਾਪਤੀ ਲਈ ਵਿੱਢੀ ਜੱਦੋ-ਜਹਿਦ ਨੂੰ ਅੱਗੇ ਵਧਾਉਣਾ ਨੌਜਵਾਨਾਂ ਦਾ ਮੁੱਖ ਕਾਰਜ : ਸਾਥੀ ਭੱਟਾਚਾਰੀਆ ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ, ਜਲੰਧਰ : ਜਨਵਾਦੀ ਨੌਜਵਾਨ ਸਭਾ ਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਸ਼ਹੀਦ ਭਗਤ ਸਿੰਘ ਦੇ ਨੇੜਲੇ ਸਾਥੀ ਅਤੇ ਉੱਘੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਜੀ ਦੀ 36 ਵੀਂ ਬਰਸੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਈ ਗਈ। ਇਸ ਸੂਬਾਈ ਸਮਾਗਮ ਮੌਕੇ ਪੰਜਾਬ ਦੀ ਖੱਬੀ ਲਹਿਰ ਦੇ ਉੱਘੇ ਆਗੂ ਅਤੇ ਡੀ.ਵਾਈ.ਐਫ.ਆਈ. ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ, ਡੀ.ਵਾਈ.ਐਫ.ਆਈ. ਦੇ ਰਾਸ਼ਟਰੀ ਖਜ਼ਾਨਚੀ ਸੰਜੀਵ ਕੁਮਾਰ, ਐਸ.ਐਫ.ਆਈ. ਦੇ ਰਾਸ਼ਟਰੀ ਜਨਰਲ ਸਕੱਤਰ ਸਾਥੀ ਸਿਰੀਜਨ ਭੱਟਾਚਾਰੀਆ ਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਸ਼ਿਲਪਾ ਹਾਜ਼ਰ ਸਨ। ਇਸ ਸਮਾਗਮ ਦੀ ਪ੍ਰਧਾਨਗੀ ਸਾਥੀ ਸੁਖਵਿੰਦਰ ਸਿੰਘ ਨਾਗੀ, ਸਾਥੀ ਸੁਖਦੀਪ ਸਿੰਘ ਗਰੇਵਾਲ, ਸਾਥੀ ਜੀਵਨ ਸਿੰਘ ਸੋਹਲ ਅਤੇ ਸਾਥੀ ਸਿਲਪਾ ਨੇ ਕੀਤੀ। ਸਾਥੀ ਭੱਟਾਚਾਰੀਆ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪੰਡਿਤ ਕਿਸ਼ੋਰੀ ਲਾਲ ਵਰਗੇ ਦੇਸ਼ ਭਗਤਾਂ ਦੇ ਸੁਪਨੇ ਆਰਥਿਕ ਅਤੇ ਸਮਾਜਿਕ ਬਰਾਬਰੀ ਵਾਲੇ ਲੁੱਟ ਖਸੁੱਟ ਰਹਿਤ ਸਮਾਜਵਾਦੀ ਰਾਜ ਪ੍ਰਬੰਧ ਨੂੰ ਸਥਾਪਤ ਕਰਨ ਲਈ ਆਰੰਭੀ ਜਦੋ ਜਹਿਦ ਨੂੰ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਵਿਦਿਆਰਥੀ ਆਗੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੇ ਅਰਸੇ ਵਿੱਚ ਇੱਕ ਲੱਖ ਸਰਕਾਰੀ ਸਕੂਲ ਬੰਦ ਹੋ ਗਏ ਹਨ। ਮੈਡੀਕਲ ਦੀ ਪ੍ਰੀਖਿਆ ਨੀਟ ਵਿੱਚ ਹਰ ਵਾਰ ਘਪਲੇਬਾਜ਼ੀ ਹੋ ਰਹੀ ਹੈ। ਫੀਸਾਂ ਫੰਡਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਸਿੱਖਿਆ ਅਤੇ ਰੁਜ਼ਗਾਰ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਇੰਨਕਲਾਬੀ ਅਤੇ ਇਤਿਹਾਸਕ ਲੜਾਕੂ ਸੰਘਰਸ਼ਾਂ ਦੀ ਰਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਜਥੇਬੰਦ ਅਤੇ ਲਾਮਬੰਦ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਪੰਜਾਬ ਦੀ ਖੱਬੀ ਜਮਹੂਰੀ ਲਹਿਰ ਦੇ ਆਗੂ ਅਤੇ ਡੀ.ਵਾਈ.ਐਫ.ਆਈ. ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੀ ਸੱਤਾ ਤੇ ਕਾਬਜ ਫਿਰਕੂ, ਵੰਡਵਾਦੀ ਅਤੇ ਪਿਛਾਂਹਖਿੱਚੂ ਤਾਕਤਾਂ ਦਾ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਬੁਨਿਆਦੀ ਮੰਗਾਂ ਮਸਲਿਆਂ ਜਿਵੇਂ ਰੋਟੀ, ਕੱਪੜਾ, ਮਕਾਨ, ਪਾਣੀ ਬਿਜਲੀ ਅਤੇ ਸੜਕਾਂ ਆਦਿ ਨਾਲ ਕੋਈ ਸਰੋਕਾਰ ਨਹੀਂ। ਮੋਦੀ ਸਰਕਾਰ ਅਡਾਨੀਆਂ-ਅੰਬਾਨੀਆਂ ਅਤੇ ਕਾਰਪੋਰੇਟਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਇਹਨਾਂ ਘਰਾਣਿਆਂ ਨੂੰ ਖੁੱਲੇ ਗੱਫੇ ਦੇ ਰਹੀ ਹੈ। ਉਨਾਂ ਕਿਹਾ ਕਿ ਪੰਡਿਤ ਕਿਸ਼ੋਰੀ ਲਾਲ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਅਤੇ ਕਿਰਤੀ ਲੋਕਾਂ ਦੇ ਲੇਖੇ ਲਾ ਦਿੱਤੀ। ਪੰਡਿਤ ਜੀ ਨੌਜਵਾਨਾਂ ਲਈ ਪ੍ਰੇਰਨਾ ਦੇ ਸਰੋਤ ਸਨ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਿਵਾਏ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤਣ ਤੋਂ ਬਿਨਾਂ ਹਕੀਕਤ ਵਿੱਚ ਕੁੱਝ ਨਹੀਂ ਕੀਤਾ। ਇਸ ਮੌਕੇ ਤੇ ਜਨਵਾਦੀ ਨੌਜਵਾਨ ਸਭਾ ਦੇ ਰਾਸ਼ਟਰੀ ਖਜ਼ਾਨਚੀ ਸੰਜੀਵ ਕੁਮਾਰ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਇੱਕ ਵੀ ਨਵੇਂ ਕਾਰਖਾਨੇ ਦਾ ਉਦਘਾਟਨ ਨਹੀਂ ਕੀਤਾ ਸਗੋਂ ਇਸਦੇ ਉਲਟ ਲੱਖਾਂ ਕਾਰਖਾਨੇ ਬੰਦ ਕੀਤੇ ਹਨ ਅਤੇ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਅੰਬਾਨੀਆਂ-ਅਡਾਨੀਆਂ ਨੂੰ ਲੁਟਾਇਆ ਹੈ। ਇਸ ਮੌਕੇ ਸੋਨੂੰ ਪਾਸਵਾਨ, ਕਮਲਜੀਤ ਸਿੰਘ ਫਿਲੌਰ, ਸੁੱਖੀ ਟਾਂਡਾ, ਅਵਤਾਰ ਸਿੰਘ ਗਿੱਲ, ਰਾਜਿੰਦਰ ਸਿੰਘ ਢੇਰ, ਜਗਦੀਪ ਸਿੰਘ, ਅਨੰਦ ਕੁਮਾਰ, ਸੰਨੀ, ਮਾਬੂਵਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਨਾਮ ਸਿੰਘ ਬੜੈਚ, ਸੁਖਪ੍ਰੀਤ ਸਿੰਘ ਜੌਹਲ, ਗੁਰਨੇਕ ਸਿੰਘ ਭੱਜਲ, ਸੀਟੂ ਦੇ ਸੂਬਾਈ ਆਗੂ ਸਾਥੀ ਜਤਿੰਦਰਪਾਲ ਸਿੰਘ, ਨੌਜਵਾਨ ਆਗੂ ਸੰਦੀਪ ਸਿੰਘ ਬੀਰੋਕੇ, ਸੁਖਚੈਨ ਸਿੰਘ, ਬਲਰਾਮ ਸਿੰਘ, ਵਿਦਿਆਰਥੀ ਆਗੂ ਅਸ਼ਵਨੀ ਕੁਮਾਰ, ਵਿਸ਼ਾਲ ਪ੍ਰਸ਼ਾਦ ਤੇ ਹੋਰ ਹਾਜ਼ਰ ਸਨ।