ਕੌਂਸਲਰ ਨੇ ਗ਼ਲਤ ਦਿਸ਼ਾ ’ਚੋਂ ਸੀਵਰੇਜ ਜੋੜਨ ਦਾ ਕੰਮ ਬੰਦ ਕਰਾਇਆ ਕੋਂਸਲਰ ਨੇ ਗਲਤ ਦਿਸ਼ਾ ’ਚੋ ਸੀਵਰੇਜ ਜੋੜਨ ਦਾ ਕੰਮ ਬੰਦ ਕਰਾਇਆ
Publish Date: Sun, 16 Aug 2026 08:51 PM (IST)
Updated Date: Sun, 16 Aug 2026 08:53 PM (IST)
3 ਨੰਬਰ ਗਲੀ ਦਾ ਸੀਵਰੇਜ ਖੋਲ੍ਹਣ ਦੀ ਥਾਂ 4 ਨੰਬਰ ਗਲੀ ’ਚ ਨਵਾਂ ਸੀਵਰੇਜ ਜੋੜਨ ਦਾ ਕੰਮ ਕਰਾਇਆ ਬੰਦ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ 2 ’ਚ ਧੱਕੇ ਨਾਲ ਸੀਵਰੇਜ ਜੋੜਨ ਦਾ ਕੰਮ ਉਸ ਸਮੇਂ ਕੌਂਸਲਰ ਹਰਪ੍ਰੀਤ ਵਾਲੀਆ ਨੇ ਬੰਦ ਕਰਾਇਆ ਜਦੋਂ ਡਿਚ ਮਸ਼ੀਨ ਲਿਆ ਕੇ ਗਦਈਪੁਰ ਦੇ ਰਾਜਾ ਗਾਰਡਨ ਦੀ ਗਲੀ ਨੰਬਰ 4 ’ਚ ਨਵਾਂ ਸੀਵਰੇਜ ਕੁਨੈਕਸ਼ਨ ਜੋੜਨ ਦਾ ਯਤਨ ਕੀਤਾ ਜਾ ਰਿਹਾ ਸੀ। ਵਾਲੀਆ ਨੇ ਦੋਸ਼ ਲਾਇਆ ਕਿ ਰਾਜਾ ਗਾਰਡਨ ਦੇ ਗਲੀ ਨੰਬਰ 3 ਦਾ ਸੀਵਰੇਜ ਬੰਦ ਸੀ ਜਿਸ ਨੂੰ ਖੋਲ੍ਹਣ ਲਈ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਐਤਵਾਰ ਨੂੰ ਨਿਗਮ ਦੀ ਡਿਚ ਮਸ਼ੀਨ ਨਾਲ ਗਲੀ ਨੰਬਰ 4 ਵਿਖੇ ਇੰਡਸਟ੍ਰੀਅਲ ਏਰੀਆ ਦਾ ਸੀਵਰੇਜ ਜੋੜਨ ਲਈ ਖੁਦਾਈ ਸ਼ੁਰੂ ਕੀਤੀ ਤਾਂ ਇਸ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਜਿਉਂ ਹੀ ਉਨ੍ਹਾਂ (ਵਾਲੀਆ) ਨੂੰ ਸੂਚਨਾ ਮਿਲੀ ਤਾਂ ਉਹ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਸੀਵਰੇਜ ਪਾਉਣ ਦਾ ਕੰਮ ਬੰਦ ਕਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਸਨਅਤਕਾਰਾਂ ਨੂੰ ਖੁਸ਼ ਕਰਨ ਅਤੇ ਰਾਜਾ ਗਾਰਡਨ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਵਾਂ ਸੀਵਰੇਜ ਕੁਨੈਕਸ਼ਨ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਜਿਸ ਨੂੰ ਨਹੀਂ ਹੋਣ ਦਿੱਤਾ ਗਿਆ। ਵਾਲੀਆ ਨੇ ਕਿਹਾ ਹੈ ਕਿ ਲੋਕਾਂ ਨੇ ਇਸ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ 3 ਨੰਬਰ ਗਲੀ ਦਾ ਸੀਵਰੇਜ ਖੋਲ੍ਹਿਆ ਜਾਏ ਤਾਂ ਜੋ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਮੇਅਰ ਨਾਲ ਮੁਲਾਕਾਤ ਕਰ ਕੇ 3 ਨੰਬਰ ਗਲੀ ਦਾ ਸੀਵਰੇਜ ਖੋਲ੍ਹਣ ਦੀ ਮੰਗ ਕਰਨਗੇ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ।