- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਰਾਜਿੰਦਰ ਸਿੰਘ ਦੇ 80ਵੇਂ ਜਨਮ ਦਿਨ ਨੂੰ ਸਮਰਪਿਤ 'ਸੇਵਾ ਹਫ਼ਤਾ' ਆਰੰਭ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਰਮ ਸੰਤ ਰਾਜਿੰਦਰ ਸਿੰਘ ਦੇ 80ਵੇਂ ਜਨਮ ਦਿਨ ਨੂੰ ਸਮਰਪਿਤ ਦਰਸ਼ਨ ਅਕੈਡਮੀ ਵੱਲੋਂ ‘ਸੇਵਾ ਹਫ਼ਤਾ’ ਆਰੰਭ ਕੀਤਾ ਗਿਆ। ਹਫ਼ਤੇ ਦੇ ਪਹਿਲੇ ਦਿਨ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਅਪਾਹਜ ਆਸ਼ਰਮ ਦਾ ਦੌਰਾ ਕਰਕੇ ਉੱਥੇ ਰਹਿਣ ਵਾਲੇ ਲੋਕਾਂ ਦੀ ਸੇਵਾ ਕੀਤੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸੇਵਾ ਕਾਰਜਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਸ਼ਰਮ ਦੇ ਵਾਸੀਆਂ ਪ੍ਰਤੀ ਭਾਈਚਾਰੇ, ਹਮਦਰਦੀ ਅਤੇ ਸਹਿਯੋਗ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ’ਚ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਮਨੁੱਖਤਾ, ਦਇਆ, ਨੇਕੀ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਗੁਣ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ 'ਅਪਾਹਜ ਆਸ਼ਰਮ' ਦੇ ਚੇਅਰਮੈਨ ਤਰਸੇਮ ਕਪੂਰ ਨੇ ਦਰਸ਼ਨ ਅਕੈਡਮੀ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ। ਦਰਸ਼ਨ ਅਕੈਡਮੀ ਦੇ ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾ ਕਾਰਜ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਪ੍ਰੋਫੈਸਰ ਰਜਨੀਸ਼ ਖੰਨਾ ਨੇ ਕਿਹਾ ਕਿ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਹਫ਼ਤੇ ਭਰ ਚੱਲਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਅਧਿਆਤਮਿਕ ਗਿਆਨ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਵਧਾਉਣ ਵਿੱਚ ਮਦਦ ਕਰਦੀਆਂ ਹਨ। ਪ੍ਰਬੰਧਕੀ ਕਮੇਟੀ ਦੇ ਮੈਂਬਰ ਦੀਪਕ ਜੌੜਾ ਨੇ ਦੱਸਿਆ ਕਿ ਪਰਮ ਸੰਤ ਰਾਜਿੰਦਰ ਸਿੰਘ ਦੇ 80ਵੇਂ ਜਨਮ ਦਿਨ ਨੂੰ ਮਨਾਉਣ ਲਈ ਹਫ਼ਤੇ ਭਰ ਸੇਵਾ ਅਤੇ ਲੋਕ ਭਲਾਈ ਪ੍ਰੋਗਰਾਮਾਂ ਦੀ ਲੜੀ ਜਾਰੀ ਰਹੇਗੀ।