- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਆਂਢੀਆਂ ਵਿਚਕਾਰ ਹੋਏ ਝਗੜੇ ’ਚ ਇਕ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨੰਗਲ ਸਲੇਮਪੁਰ ਇਲਾਕੇ ਦੀ ਇਕ ਨਵੀਂ ਕਲੋਨੀ ’ਚ ਗੁਆਂਢੀਆਂ ਵਿਚਾਲੇ ਹੋਇਆ ਝਗੜਾ ਹਿੰਸਕ ਰੂਪ ਧਾਰ ਗਿਆ। ਦੋਸ਼ ਹੈ ਕਿ ਮਾਮੂਲੀ ਬਹਿਸ ਤੋਂ ਬਾਅਦ ਕੁਝ ਲੋਕਾਂ ਨੇ ਇਕ ਪਰਿਵਾਰ ਦੇ ਘਰ ’ਚ ਵੜ ਕੇ ਹਮਲਾ ਕਰ ਦਿੱਤਾ, ਜਿਸ ’ਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਅਨੁਸਾਰ ਇਸ ਹਮਲੇ ’ਚ ਸੁਮਨ ਕੁਮਾਰ ਅਤੇ ਉਸਦੇ ਪੁੱਤਰਾਂ ਸਮੇਤ ਹੋਰ ਲੋਕ ਜ਼ਖ਼ਮੀ ਹੋਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਨੌਜਵਾਨ ਦਾ ਪਹਿਲਾਂ ਸੜਕ ਹਾਦਸਾ ਵਾਪਰ ਚੁੱਕਾ ਸੀ। ਹਮਲੇ ਤੋਂ ਬਾਅਦ ਉਸ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਤੇ ਉਹ ਵਾਰ-ਵਾਰ ਬੇਹੋਸ਼ ਹੋ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਇੰਨਾ ਹੀ ਗੁਆਂਢੀਆਂ ਨਾਲ ਕਰੀਬ 10 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ, ਜਿਸ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸਮੇਂ ਸਿਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਘਟਨਾ ਦੁਬਾਰਾ ਵਾਪਰੀ ਹੈ। ਝਗੜੇ ਦੌਰਾਨ ਪਰਿਵਾਰ ਨੇ ਮਦਦ ਲਈ ਰਿਸ਼ਤੇਦਾਰਾਂ ਨੂੰ ਬੁਲਾਇਆ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੀੜਤਾਂ ਨੇ ਪੁਲਿਸ ਦੀ ਜਾਂਚ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਉਪਲੱਬਧ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ। ਇਹ ਵੀ ਖਦਸ਼ਾ ਜਤਾਇਆ ਹੈ ਕਿ ਫੁਟੇਜ ਨਾਲ ਛੇੜਛਾੜ ਹੋ ਸਕਦੀ ਹੈ। ਇਸ ਦੌਰਾਨ ਪਿੰਡ ਦੇ ਸਰਪੰਚ ਅਤੇ ਸਥਾਨਕ ਵਸਨੀਕਾਂ ਨੇ ਇਸ ਘਟਨਾ ਨੂੰ ਗੰਭੀਰ ਮਾਮਲਾ ਦੱਸਿਆ ਹੈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।