- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦਾ ਇਜਲਾਸ ਸੰਪੰਨ

ਡਾ. ਚੀਮਾ ਪ੍ਰਧਾਨ ਤੇ ਡਾ. ਔਜਲਾ ਸਕੱਤਰ ਚੁਣੇ ਗਏ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਜਲੰਧਰ ਦਾ ਇਜਲਾਸ ਪ੍ਰੋ. ਤਰਸੇਮ ਸਾਗਰ, ਬੂਟਾ ਸਿੰਘ, ਡਾ ਜਗਜੀਤ ਸਿੰਘ ਚੀਮਾ, ਜਸਵਿੰਦਰ ਸਿੰਘ ਭੋਗਲ ਅਤੇ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋ ਗਿਆ। ਇਜਲਾਸ ਦੇ ਸ਼ੁਰੂ ’ਚ ਕੌਮੀ ਮੁਕਤੀ ਲਹਿਰ ਅਤੇ ਸਭਾ ਦੇ ਜਮਹੂਰੀ ਹੱਕਾਂ ਲਈ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਬਤੌਰ ਆਬਜਰਵਰ ਪੁੱਜੇ ਸਭਾ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਸਭਾ ਦੇ ਵਿਧਾਨ, ਪ੍ਰੋਗਰਾਮ ਅਤੇ ਨੀਤੀਆਂ ਬਾਰੇ ਦੱਸਦਿਆ ਕਿਹਾ ਕਿ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਨਾਲ ਹੀ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਨਤਕ ਜਮਹੂਰੀ ਲਹਿਰ ਦੇ ਕਮਜ਼ੋਰ ਹੋਣ ਕਾਰਨ ਸੱਤਾਧਾਰੀ ਲੋਕਾਂ ਦੇ ਅਧਿਕਾਰਾਂ ਤੇ ਦਾ ਘਾਣ ਕਰ ਰਹੇ ਹਨ ਜਿਨ੍ਹਾਂ ਨੂੰ ਜਨਤਕ ਜਮਹੂਰੀ ਲਹਿਰ ਨੂੰ ਮਜਬੂਤ ਕਰਕੇ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਫਿਰਕੂ, ਹਕੂਮਤੀ ਅਤੇ ਫਾਸ਼ੀਵਾਦੀ ਤਾਕਤਾਂ ਖਿਲਾਫ ਇਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿਤਾ। ਪ੍ਰੋ ਤਰਸੇਮ ਸਾਗਰ, ਡਾ ਜਗਜੀਤ ਸਿੰਘ ਚੀਮਾ, ਜਸਵਿੰਦਰ ਸਿੰਘ ਭੋਗਲ ਅਤੇ ਬਿਹਾਰੀ ਲਾਲ ਛਾਬੜਾ ਨੇ ਵੀ ਵਿਚਾਰ ਸਾਂਝੇ ਕੀਤੇ। ਸਭਾ ਦੇ ਜ਼ਿਲ੍ਹਾ ਸਕੱਤਰ ਡਾ ਮੰਗਤ ਰਾਏ ਔਜਲਾ ਵੱਲੋਂ ਪਿਛਲੇ 2 ਸਾਲਾਂ ’ਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਉੱਪਰ ਕੁਝ ਮੈਂਬਰਾਂ ਵੱਲੋਂ ਉਠਾਏ ਨੁਕਤਿਆਂ ’ਤੇ ਦਿੱਤੇ ਸੁਝਾਵਾਂ ਨੂੰ ਮੰਨਦਿਆਂ ਸਰਵਸੰਮਤੀ ਨਾਲ ਰਿਪੋਰਟ ਪਾਸ ਕਰ ਦਿੱਤੀ ਗਈ। ਅਗਲੇ 2 ਸਾਲਾਂ ਲਈ ਜ਼ਿਲ੍ਹਾ ਕਮੇਟੀ ਦੀ ਕੀਤੀ ਗਈ ਚੋਣ ’ਚ ਡਾ ਜਗਜੀਤ ਸਿੰਘ ਚੀਮਾ ਪ੍ਰਧਾਨ, ਜਸਵਿੰਦਰ ਸਿੰਘ ਭੋਗਲ ਮੀਤ ਪ੍ਰਧਾਨ, ਡਾ ਮੰਗਤ ਰਾਏ ਔਜਲਾ ਸਕੱਤਰ, ਪਰਮਜੀਤ ਕਡਿਆਣਾ ਸਹਾਇਕ ਸਕੱਤਰ, ਬਿਹਾਰੀ ਲਾਲ ਛਾਬੜਾ ਵਿੱਤ ਸਕੱਤਰ, ਗੁਰਮੀਤ ਸਿੰਘ ਕੋਟਲੀ ਪ੍ਰੈਸ ਸਕੱਤਰ ਅਤੇ ਗੁਰਮੇਲ ਸਿੰਘ ਬੋਪਾਰਾਏ, ਗੁਰਦੇਵ ਸਿੰਘ, ਸੈਲਸ, ਮਾਸਟਰ ਕਰਨੈਲ ਸਿੰਘ, ਮਾਸਟਰ ਜੋਗਿੰਦਰ ਸਿੰਘ ਅਤੇ ਵਕੀਲ ਨਵਇੰਦਰ ਸਿੰਘ ਕਾਰਜਕਾਰੀ ਕਮੇਟੀ ਮੈਂਬਰ ਚੁਣੇ ਗਏ।