- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਵਸ ਮੌਕੇ ਭਾਜਪਾ ਦੇ 14 ਮੰਡਲਾਂ ’ਚ ਹੋਣਗੇ ਸੇਵਾ ਕਾਰਜ, ਘਰ-ਘਰ ਜਲੇਗਾ ‘ਆਸ਼ੀਰਵਾਦ ਦਾ ਦੀਵਾ’

-‘ਜਿਸਨੇ ਸਾਡਾ ਜੀਵਨ ਸੰਵਾਰਿਆ, ਉਸ ਲਈ ਆਸ਼ੀਰਵਾਦ ਸਾਡਾ’ ਮੁਹਿੰਮ ਤਹਿਤ ਭਾਜਪਾ ਵਰਕਰ ਮਨਾਉਣਗੇ ਸੇਵਾ ਸੰਕਲਪ ਦਿਵਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਭਾਜਪਾ ਜਲੰਧਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 77ਵੇਂ ਜਨਮ ਦਿਵਸ ਸਬੰਧੀ 17 ਸਤੰਬਰ ਨੂੰ “ਪ੍ਰਧਾਨ ਮੰਤਰੀ ਸੇਵਾ ਸੰਕਲਪ ਪੰਦਰਵਾੜਾ” ਤਹਿਤ ਸੇਵਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਸਕੱਤਰ ਤੇ ਮੀਡੀਆ ਇੰਚਾਰਜ ਅਮਿਤ ਭਾਟੀਆ ਨੇ ਦਿੱਤੀ। ਅਮਿਤ ਭਾਟੀਆ ਨੇ ਦੱਸਿਆ ਕਿ ਭਾਜਪਾ ਜਲੰਧਰ ਸ਼ਹਿਰੀ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਅਧੀਨ ਆਉਂਦੇ ਸਾਰੇ 14 ਮੰਡਲਾਂ ’ਚ ਸਮਾਜ ਸੇਵਾ ਤੇ ਲੋਕ ਭਲਾਈ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤਹਿਤ ਗਊਸ਼ਾਲਾਵਾਂ, ਅਨਾਥ ਆਸ਼ਰਮਾਂ, ਕੁਸ਼ਟ ਆਸ਼ਰਮਾਂ, ਅਪਾਹਜ ਆਸ਼ਰਮਾਂ, ਸਫਾਈ ਅਭਿਆਨਾਂ ਤੇ ਹੋਰ ਸੇਵਾ ਸੰਸਥਾਵਾਂ ’ਚ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇਗੀ। ਸਕੂਲੀ ਬੱਚਿਆਂ ਨੂੰ ਕਿਤਾਬਾਂ ਤੇ ਪੜ੍ਹਾਈ ਸਮੱਗਰੀ ਵੰਡੀਆਂ ਜਾਣਗੀਆਂ, ਜਦਕਿ ਮੰਦਰਾਂ ’ਚ ਹਵਨ-ਯੱਗ ਤੇ ਗੁਰਦੁਆਰਿਆਂ ’ਚ ਅਰਦਾਸ ਕਰਕੇ ਦੇਸ਼ ਦੀ ਖੁਸ਼ਹਾਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ ਤੇ ਲੰਬੀ ਉਮਰ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 17 ਸਤੰਬਰ ਦੀ ਸ਼ਾਮ “ਜਿਸਨੇ ਸਾਡਾ ਜੀਵਨ ਸੰਵਾਰਿਆ, ਉਸ ਲਈ ਆਸ਼ੀਰਵਾਦ ਸਾਡਾ” ਮੁਹਿੰਮ ਤਹਿਤ ਭਾਜਪਾ ਵਰਕਰ ਹਰ ਬੂਥ 'ਤੇ ਘਰ-ਘਰ ਜਾ ਕੇ ਆਸ਼ੀਰਵਾਦ ਦਾ ਦੀਵਾ ਜਲਾਉਣਗੇ। ਭਾਟੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਤੇ ਜਨਹਿਤੈਸ਼ੀ ਨੀਤੀਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ’ਚ ਆਸ, ਵਿਸ਼ਵਾਸ ਤੇ ਆਤਮਨਿਰਭਰਤਾ ਦੀ ਨਵੀਂ ਲਹਿਰ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ’ਚ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੰਤਰੀ, ਸਾਬਕਾ ਵਿਧਾਇਕ, ਕੌਂਸਲਰ, ਜ਼ਿਲ੍ਹਾ ਅਹੁਦੇਦਾਰ, ਮੰਡਲ ਪ੍ਰਧਾਨ, ਸ਼ਕਤੀ ਕੇਂਦਰ ਇੰਚਾਰਜ, ਬੂਥ ਪ੍ਰਧਾਨ ਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ। ਭਾਜਪਾ ਵਰਕਰ ਸੇਵਾ, ਸਮਰਪਣ ਤੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ਜਨ ਸੇਵਾ ਦੇ ਤਿਉਹਾਰ ਵਜੋਂ ਮਨਾਉਣਗੇ।