ਪੰਚਾਇਤੀ ਫੰਡਾਂ 'ਚ ਹੇਰਾਫੇਰੀ ਤੇ ਪੱਖਪਾਤ ਦੇ ਲੱਗੇ ਦੋਸ਼ ਪਿੰਡ ਬਾਜਵਾ ਕਲਾਂ ਦੇ ਪੰਚਾਇਤੀ ਫੰਡਾਂ 'ਚ ਹੇਰਾਫੇਰੀ ਤੇ ਪੱਖਪਾਤ ਦੇ ਲੱਗੇ ਗੰਭੀਰ ਦੋਸ਼
Publish Date: Fri, 24 Jul 2026 09:52 PM (IST)
Updated Date: Fri, 24 Jul 2026 09:55 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਬਾਜਵਾ ਕਲਾਂ ਦੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੌਜੂਦਾ ਪੰਚਾਇਤ ਤੇ ਪਿਛਲੀਆਂ ਪੰਚਾਇਤਾਂ ਤੇ ਫੰਡਾਂ ’ਚ ਬੇਨਿਯਮੀਆਂ, ਹੇਰਾਫੇਰੀ ਤੇ ਵਿਕਾਸ ਕਾਰਜਾਂ ’ਚ ਪੱਖਪਾਤ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪਿੰਡ ਦੀ ਪਾਰਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਪੰਚ, ਕਿਸਾਨ ਆਗੂ ਮਹਿੰਦਰ ਸਿੰਘ ਬਾਜਵਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਮੌਜੂਦਾ ਪੰਚਾਇਤ ਵਲੋਂ ਸਾਬਕਾ ਸਰਪੰਚ ਜਗਤਾਰ ਸਿੰਘ ਨੂੰ ਪੰਚਾਇਤੀ ਫੰਡ ’ਚੋਂ 2 ਲੱਖ 70 ਹਜ਼ਾਰ ਰੁਪਏ ਦਿੱਤੇ ਗਏ ਹਨ, ਜਿਸ ਦਾ ਕੋਈ ਸਪੱਸ਼ਟ ਹਿਸਾਬ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਟਰਾਲੀ ਬਣਾਉਣ ਲਈ 40,000 ਰੁਪਏ ਐਡਵਾਂਸ (ਸਾਈ) ਵਜੋਂ ਦਿੱਤੇ ਗਏ ਸਨ, ਪਰ ਟਰਾਲੀ ਅਜੇ ਤੱਕ ਨਹੀਂ ਬਣੀ ਤੇ ਇਨਾਂ ਪੈਸਿਆਂ ਦਾ ਕੋਈ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਐੱਸਸੀ ਸ਼ਮਸ਼ਾਨਘਾਟ ਲਈ ਆਈਆਂ ਇੱਟਾਂ ਬਿਨਾਂ ਕਿਸੇ ਮਤੇ ਜਾਂ ਸਲਾਹ ਦੇ ਦੂਜੀ ਥਾਂ ਲਿਜਾਈਆਂ ਗਈਆਂ ਹਨ। 7 ਪੰਚਾਇਤ ਮੈਂਬਰਾਂ ’ਚੋਂ ਸਿਰਫ਼ 3-4 ਮੈਂਬਰਾਂ ਨਾਲ ਮਿਲ ਕੇ ਹੀ ਸਭ ਫੈਸਲੇ ਲਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸਾਲ 1986 ਤੋਂ ਡੇਰਿਆਂ ਦੇ ਵਿਕਾਸ ਤੇ ਕੋਈ ਖਰਚ ਨਹੀਂ ਕੀਤਾ ਗਿਆ। ਪਿਛਲੇ 3 ਸਾਲਾਂ ਤੋਂ ਡੇਰਿਆਂ ਦੀਆਂ ਗਲੀਆਂ-ਨਾਲੀਆਂ ਤੇ ਇੰਟਰਲਾਕ ਟਾਈਲਾਂ ਲਈ ਸਮੱਗਰੀ ਆਈ ਪਈ ਹੈ ਪਰ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ ਤੇ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਰੋਕਣ ਦਾ ਬਹਾਨਾ ਬਣਾਇਆ ਜਾਂਦਾ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਰਾਣੇ ਛੱਪੜ ਨੂੰ ਪੂਰ ਕੇ ਨਿੱਜੀ ਵਰਤੋਂ ਵਾਂਗ ਵਰਤਿਆ ਜਾ ਰਿਹਾ ਹੈ ਤੇ ਇਕ ਕਿੱਲੇ ਚ ਨਵਾਂ ਛੱਪੜ ਪੁੱਟ ਕੇ 30 ਤੋਂ 40 ਲੱਖ ਰੁਪਏ ਦਾ ਖਰਚਾ ਦਿਖਾਇਆ ਗਿਆ ਹੈ ਤੇ ਖੁਦਾਈ ਦੌਰਾਨ ਨਿਕਲੀ ਮਿੱਟੀ ਦੀ ਵਰਤੋਂ ਜਾਂ ਵੇਚਣ ਬਾਰੇ ਕੋਈ ਸਰਕਾਰੀ ਮਨਜ਼ੂਰੀ ਜਾਂ ਹਿਸਾਬ-ਕਿਤਾਬ ਨਹੀਂ ਦਿਖਾਇਆ ਗਿਆ। ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਮੁੱਖ ਮੰਤਰੀ, ਐੱਸਡੀਐੱਮ ਸ਼ਾਹਕੋਟ ਤੇ ਬੀਡੀਪੀਓ ਸ਼ਾਹਕੋਟ ਨੂੰ ਦੇ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਭੁਪਿੰਦਰ ਸਿੰਘ ਭੋਲਾ ਪੰਚ, ਬਚਨ ਸਿੰਘ ਸਾਬਕਾ ਪੰਚ, ਮਨਜੀਤ ਸਿੰਘ ਸਾਬਕਾ ਪੰਚ, ਸੁਰਜੀਤ ਸਿੰਘ ਸਾਬਕਾ ਪੰਚ, ਦਲਬੀਰ ਸਿੰਘ ਕੋਚ, ਗੁਰਦੀਪ ਸਿੰਘ, ਹਰਪਾਲ ਸਿੰਘ ਪਾਲਾ, ਲਖਵੀਰ ਸਿੰਘ, ਸੰਤੋਖ ਸਿੰਘ ਤੇ ਗੱਗੂ ਬਾਜਵਾ ਆਦਿ ਹਾਜ਼ਰ ਸਨ। ----------- ਪੰਚਾਇਤ ਸਕੱਤਰ ਗੁਰਦਿਆਲ ਸਿੰਘ ਨੇ ਦਿੱਤਾ ਸਪੱਸ਼ਟੀਕਰਨ ਪੰਚਾਇਤ ਸਕੱਤਰ ਗੁਰਦਿਆਲ ਸਿੰਘ ਨੇ ਪੰਚਾਇਤ ਦਾ ਪੱਖ ਰੱਖਦਿਆਂ ਸਪੱਸ਼ਟ ਕੀਤਾ ਕਿ ਪੁਰਾਣੇ ਸਰਪੰਚ ਨੂੰ 2 ਲੱਖ 70 ਹਜ਼ਾਰ ਰੁਪਏ ਦਾ ਜੋ ਮਾਮਲਾ ਹੈ, ਉਹ ਆਡਿਟ ਦੌਰਾਨ ਪਿਛਲੀ ਪੰਚਾਇਤ ਦਾ ਬਕਾਇਆ ਸੀ। ਇਹ ਰਕਮ ਪੰਚਾਇਤ ਦੇ ਮਤੇ ਅਨੁਸਾਰ ਹੀ ਦਿੱਤੀ ਗਈ ਹੈ। ਪੁਰਾਣੀਆਂ ਇਟਾਂ ਗਾਇਬ ਹੋਣ, ਸਮਰਸੀਬਲ ਮੋਟਰਾਂ ਦੀ ਦੋਹਰੀ ਪੇਮੈਂਟ, ਸੜਕ ਤੇ ਇੰਟਰਲਾਕ ਟਾਈਲਾਂ ਨਾ ਲਗਾਉਣ, ਸ਼ਮਸ਼ਾਨਘਾਟ ਤੋਂ ਇੱਟਾਂ ਚੁੱਕਣ, ਨੈਸ਼ਨਲ ਹਾਈਵੇਅ ’ਚ ਆਈ ਪਿੰਡ ਦੀ ਜ਼ਮੀਨ ਤੇ ਹੋਰ ਕਾਰਜਾਂ ਤੋਂ ਆਏ 3 ਕਰੋੜ ਰੁਪਏ ਦੇ ਕਰੀਬ ਫੰਡਾਂ ’ਚ ਹੇਰਾਫੇਰੀ ਸਬੰਧੀ ਦੋਸ਼ ਨਕਾਰੇ। ਉਨ੍ਹਾਂ ਨੇ ਕਿਹਾ ਸੂਬਾ ਸਰਕਾਰ ਵੱਲੋਂ ਇਲਾਕੇ ਦੀਆਂ 7-8 ਦੇ ਕਰੀਬ ਪੰਚਾਇਤਾਂ ਦੇ ਫੰਡਾਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਈ ਜਾ ਰਹੀ ਹੈ। ਮੌਜੂਦਾ ਪੰਚਾਇਤ ਵੱਲੋਂ ਸਾਰੇ ਕੰਮ ਪਾਰਦਰਸ਼ਤਾ ਨਾਲ ਕੀਤੇ ਜਾ ਰਹੇ ਹਨ।