ਨਕੋਦਰ ਦੇ ਪਿੰਡ ਕੋਟਲਾ ਹੇਰਾਂ ’ਚ ਖਾਲਿਸਤਾਨੀ ਨਾਅਰਿਆਂ ਨੂੰ ਲੈ ਕੇ ਸਨਸਨੀ ਨਕੋਦਰ ਦੇ ਪਿੰਡ ਕੋਟਲਾ ਹੇਰਾਂ ’ਚ ਖਾਲਿਸਤਾਨੀ ਨਾਅਰਿਆਂ
Publish Date: Fri, 07 Aug 2026 08:11 PM (IST)
Updated Date: Sat, 08 Aug 2026 04:06 AM (IST)
* ਪੰਨੂ ਦਾ ਝੰਡਾ ਲਹਿਰਾਉਣ ਦਾ ਦਾਅਵਾ ਪੁਲਿਸ ਜਾਂਚ ਚ ਨਿਕਲਿਆ ਝੂਠਾ ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਨਕੋਦਰ ਦੇ ਪਿੰਡ ਕੋਟਲਾ ਹੇਰਾਂ ਸਥਿਤ ਸਰਕਾਰੀ ਸਕੂਲ ਨੂੰ ਲੈ ਕੇ ਖਾਲਿਸਤਾਨੀ ਨਾਅਰਿਆਂ ਤੇ ਝੰਡਾ ਲਹਿਰਾਉਣ ਦੇ ਦਾਅਵੇ ਨੇ ਇਲਾਕੇ ’ਚ ਚਰਚਾ ਛੇੜ ਦਿੱਤੀ। ਹਾਲਾਂਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ’ਚ ਸਕੂਲ ’ਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਗੱਲ ਨੂੰ ਬੇਬੁਨਿਆਦ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨਾਲ ਜੁੜੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਗਿਆ ਸੀ ਕਿ ਪਿੰਡ ਕੋਟਲਾ ਹੇਰਾਂ ਦੇ ਸਰਕਾਰੀ ਸਕੂਲ ’ਚ ਵੱਖਵਾਦੀ ਨਾਅਰੇ ਲਿਖੇ ਗਏ ਹਨ ਤੇ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਕੋਦਰ ਪੁਲਿਸ ਤੁਰੰਤ ਹਰਕਤ ’ਚ ਆਈ। ਡੀਐੱਸਪੀ ਨਕੋਦਰ ਓਂਕਾਰ ਸਿੰਘ ਬਰਾੜ ਤੇ ਥਾਣਾ ਸਦਰ ਨਕੋਦਰ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਕੰਪਲੈਕਸ ਦੀ ਜਾਂਚ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਕੋਈ ਵੀ ਝੰਡਾ ਨਹੀਂ ਮਿਲਿਆ। ਪੁਲਿਸ ਅਨੁਸਾਰ ਸਕੂਲ ਦੀ ਕੰਧ ’ਤੇ ਲਿਖੇ ਕੁਝ ਸ਼ੱਕੀ ਨਾਅਰੇ ਵੀ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਕਿਸੇ ਵਿਅਕਤੀ ਵੱਲੋਂ ਕਾਲਖ ਪੋਤ ਕੇ ਮਿਟਾਏ ਜਾ ਚੁੱਕੇ ਸਨ। ਸਕੂਲ ਪ੍ਰਿੰਸੀਪਲ ਨੇ ਵੀ ਸਪੱਸ਼ਟ ਕੀਤਾ ਕਿ ਸਕੂਲ ’ਚ ਝੰਡਾ ਲਹਿਰਾਉਣ ਵਰਗੀ ਕੋਈ ਘਟਨਾ ਨਹੀਂ ਵਾਪਰੀ। ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਜਾਂਚ ਦੌਰਾਨ ਸਕੂਲ ’ਚ ਅਜਿਹਾ ਕੋਈ ਝੰਡਾ ਨਹੀਂ ਮਿਲਿਆ ਤੇ ਵੀਡੀਓ ’ਚ ਕੀਤੇ ਗਏ ਦਾਅਵੇ ਤੱਥਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਭਰਮਾਊ ਜਾਣਕਾਰੀ ਫੈਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਵਾਇਰਲ ਵੀਡੀਓ ਦੀ ਜਾਂਚ ਕਰ ਰਹੀ ਹੈ ਤੇ ਇਸ ਨੂੰ ਫੈਲਾਉਣ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਨਕੋਦਰ ਤੇ ਨੇੜਲੇ ਖੇਤਰਾਂ ’ਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਫ਼ਵਾਹ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਤੇ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ।