ਸੀਨੀਅਰ ਕਾਂਗਰਸੀ ਆਗੂ ਟੂਰਨਾ ਨੇ ਵਰਕਰਾਂ ਨਾਲ ਕੀਤੀ ਮੁਲਾਕਾਤ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਟੂਰਨਾ ਨੇ ਵਧਾਈਆਂ ਸਿਆਸੀ ਸਰਗਰਮੀਆਂ
Publish Date: Thu, 08 Oct 2026 07:19 PM (IST)
Updated Date: Thu, 08 Oct 2026 07:20 PM (IST)
-ਹਲਕੇ ਦੇ ਵੱਖ-ਵੱਖ ਪਿੰਡਾਂ, ਵਰਕਰਾਂ, ਸਮਰਥਕਾਂ ਨਾਲ ਕਰ ਰਹੇ ਨੇ ਸੰਪਰਕ ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਵਿਧਾਨ ਸਭਾ ਹਲਕਾ ਨਕੋਦਰ ’ਚ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ’ਚ ਪਾਰਟੀ ਵਰਕਰਾਂ, ਸਮਰਥਕਾਂ ਤੇ ਆਮ ਲੋਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਜਥੇਬੰਦਕ ਮਾਮਲਿਆਂ ਤੇ ਇਲਾਕੇ ਦੇ ਸਥਾਨਕ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਵਿੰਦਰ ਸਿੰਘ ਟੁਰਨਾ ਨੇ ਪਾਰਟੀ ਦੇ ਪੁਰਾਣੇ ਅਤੇ ਨਵੇਂ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਵਿਚਾਰਾਂ ਨੂੰ ਸੁਣਿਆ। ਉਨ੍ਹਾਂ ਵਰਕਰਾਂ ਨੂੰ ਆਪਸੀ ਤਾਲਮੇਲ ਨਾਲ ਇਕਜੁੱਟ ਹੋ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਟੁਰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਆਮ ਲੋਕਾਂ ਨਾਲ ਪੁਰਾਣਾ ਅਤੇ ਮਜ਼ਬੂਤ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਕਿਸੇ ਵੀ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਸੁਝਾਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਜਾਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।