- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਵਿਖੇ 'ਔਰਤਾਂ ਦੀ ਸਿਹਤ ਜਾਗਰੂਕਤਾ' ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਲੀਨਾ (ਜਲੰਧਰ) ਵਿਖੇ 'ਔਰਤਾਂ ਦੀ ਸਿਹਤ ਜਾਗਰੂਕਤਾ ਸੈਮੀਨਾਰ' ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਫੋਰਟਿਸ ਹਸਪਤਾਲ ਜਲੰਧਰ ਦੇ ਪ੍ਰਸਿੱਧ ਗਾਇਨੋਕੋਲੋਜਿਸਟ ਅਤੇ ਓਬਸਟੇਟ੍ਰੀਸ਼ੀਅਨ ਡਾ. ਸਤਪਾਲ ਕੌਰ ਸਿੱਧੂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸਤਪਾਲ ਕੌਰ ਨੇ ਔਰਤਾਂ ਦੀ ਸਿਹਤ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਗਿਆਨਕ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਦੀਆਂ ਮਾਤਾਵਾਂ, ਪੰਚਾਇਤ ਦੀਆਂ ਚੁਣੀਆਂ ਹੋਈਆਂ ਮਹਿਲਾ ਮੈਂਬਰਾਂ ਤੇ ਪ੍ਰਾਇਮਰੀ ਹੈਲਥ ਸੈਂਟਰ ਦੀ ਟੀਮ ਨੇ ਵਿਸ਼ੇਸ਼ ਸ਼ੰਕਾ-ਨਿਵਾਰਨ ਸੈਸ਼ਨ ਵਿੱਚ ਔਰਤਾਂ ਨੇ ਬਿਨਾਂ ਕਿਸੇ ਝਿਜਕ ਦੇ ਸਿਹਤ ਸਮੱਸਿਆਵਾਂ ਅਤੇ ਸਵਾਲ ਸਾਂਝੇ ਕੀਤੇ, ਜਿਨ੍ਹਾਂ ਦਾ ਡਾ. ਸਤਪਾਲ ਕੌਰ ਨੇ ਬਹੁਤ ਹੀ ਸਰਲ, ਸੰਵੇਦਨਸ਼ੀਲ ਅਤੇ ਵਿਗਿਆਨਕ ਢੰਗ ਨਾਲ ਜਵਾਬ ਦਿੱਤਾ। ਸੈਮੀਨਾਰ ਵਿੱਚ ਵਿਸ਼ੇਸ਼ ਤੌਰ 'ਤੇ ਮਾਵਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਕਿਸ਼ੋਰ ਅਵਸਥਾ (ਪੁਬਾਰਟੀ) ਦੌਰਾਨ ਆਪਣੀਆਂ ਧੀਆਂ ਨਾਲ ਸਰੀਰਕ ਅਤੇ ਮਾਨਸਿਕ ਬਦਲਾਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰੀਤੂ ਪਾਲ ਨੇ ਕਿਹਾ ਕਿ ਅਕਸਰ ਔਰਤਾਂ ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਸਿਹਤ ਨੂੰ ਪਿੱਛੇ ਛੱਡ ਦਿੰਦੀਆਂ ਹਨ। ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਨਾ ਕੇਵਲ ਇੱਕ ਪਰਿਵਾਰ ਬਲਕਿ ਪੂਰੇ ਸਮਾਜ ਨੂੰ ਨਿਰੋਇਆ ਬਣਾਉਣ ਲਈ ਲਾਜ਼ਮੀ ਹੈ।