ਮੀਲ ਪੱਥਰ ਸਾਬਤ ਹੋਇਆ ਨਿਰਮਲ ਸੰਪ੍ਰਦਾਇ ’ਤੇ ਸੈਮੀਨਾਰ ਮੀਲ ਪੱਥਰ ਸਾਬਤ ਹੋਇਆ ਨਿਰਮਲ ਸੰਪ੍ਰਦਾਇ ਦੀ ਇਤਿਹਾਸਕ ਤੇ ਗਿਆਨ ਪਰੰਪਰਾ ’ਤੇ ਸੈਮੀਨਾਰ
Publish Date: Mon, 31 Aug 2026 07:53 PM (IST)
Updated Date: Mon, 31 Aug 2026 07:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਿਰਮਲ ਸੰਪ੍ਰਦਾਇ ਦੇ ਇਤਿਹਾਸ, ਉਤਪੱਤੀ, ਵਿਦਵਾਨੀ ਪਰੰਪਰਾ ਤੇ ਪੰਜਾਬ ਦੀ ਗਿਆਨ-ਵਿਰਾਸਤ ’ਚ ਇਸ ਦੇ ਯੋਗਦਾਨ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਡਿਜੀਟਲ ਮੀਡੀਆ ਐਸੋਸੀਏਸ਼ਨ ਤੇ ਵਿਰਸਾ ਵਿਹਾਰ, ਜਲੰਧਰ ਦੇ ਸਾਂਝੇ ਪ੍ਰਬੰਧ ਹੇਠ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ ਗਿਆਨ ਤੇ ਵਿਚਾਰ-ਵਟਾਂਦਰੇ ਪੱਖੋਂ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ। ਨਿਰਮਲ ਸੰਪ੍ਰਦਾਇ, ਇਤਿਹਾਸ, ਉਤਪੱਤੀ ਤੇ ਗਿਆਨ-ਪਰੰਪਰਾ’ ਵਿਸ਼ੇ ’ਤੇ ਕਰਵਾਏ ਇਸ ਸੈਮੀਨਾਰ ’ਚ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ ਤੇ ਨਿਰਮਲ ਪਰੰਪਰਾ ਦੇ ਵਿਦਵਾਨ ਸੰਤ ਤੇਜਾ ਸਿੰਘ ਐੱਮਏ ਖੁੱਡਾ ਵਾਲਿਆਂ ਨੇ ਵਿਚਾਰ ਸਾਂਝੇ ਕੀਤੇ। ਸੰਤ ਬਾਬਾ ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਆਪਣੇ ਇਤਿਹਾਸ ਤੇ ਗਿਆਨ-ਵਿਰਸੇ ਨੂੰ ਜਾਣਨਾ ਕੇਵਲ ਅਤੀਤ ਨੂੰ ਯਾਦ ਕਰਨਾ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਛਾਣ, ਵਿਚਾਰਧਾਰਾ ਤੇ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਹੈ। ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਨੇ ਸੰਪ੍ਰਦਾਇ ਦੇ ਇਤਿਹਾਸਕ ਤੇ ਵਿਦਵਾਨੀ ਪੱਖਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਨਿਰਮਲ ਪਰੰਪਰਾ ਨੂੰ ਸਿਰਫ਼ ਇਕ ਧਾਰਮਿਕ ਸੰਪ੍ਰਦਾਇ ਦੇ ਸੀਮਤ ਦਾਇਰੇ ’ਚ ਦੇਖਣ ਦੀ ਬਜਾਏ ਪੰਜਾਬ ਦੀ ਵਿਸ਼ਾਲ ਗਿਆਨ, ਸਾਹਿਤ, ਦਰਸ਼ਨ ਤੇ ਵਿਦਿਆ ਪਰੰਪਰਾ ਦੇ ਅਹਿਮ ਹਿੱਸੇ ਵਜੋਂ ਸਮਝਣ ਦੀ ਲੋੜ ਹੈ। ਮੁੱਖ ਮਹਿਮਾਨ ਸੰਤ ਤੇਜਾ ਸਿੰਘ ਐੱਮਏ ਨੇ ਕਿਹਾ ਕਿ ਨਿਰਮਲ ਵਿਦਵਾਨਾਂ ਨੇ ਗੁਰਮਤਿ ਦੇ ਨਾਲ-ਨਾਲ ਸੰਸਕ੍ਰਿਤ, ਵੇਦਾਂਤ, ਬ੍ਰਜ ਤੇ ਪੰਜਾਬੀ ਸਾਹਿਤ ਦੇ ਅਧਿਐਨ ਤੇ ਪ੍ਰਚਾਰ ’ਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਨਿਰਮਲ ਕੁਟੀਆ ਅਰਜਨ ਨਗਰ, ਜਲੰਧਰ ਦੇ ਸੰਤ ਗੁਰਿੰਦਰ ਪਾਲ ਸਿੰਘ ਤੇ ਡੇਰਾ ਸੰਤਪੁਰਾ ਲਾਇਲਪੁਰੀ ਦੇ ਮੁਖੀ ਸੰਤ ਰਣਜੀਤ ਸਿੰਘ ਨੇ ਸੈਮੀਨਾਰ ਨੂੰ ਗਿਆਨ ਭਰਪੂਰ ਤੇ ਸਾਰਥਕ ਉਪਰਾਲਾ ਕਰਾਰ ਦਿੱਤਾ। ਸਮਾਗਮ ’ਚ ਵਿਰਸਾ ਵਿਹਾਰ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਗੁਰਪ੍ਰੀਤ ਸਿੰਘ ਨੇ ਵੱਲੋਂ ਸੰਵਾਦ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਨਿਰਮਲ ਸੰਤਾਂ ਦੀ ਵਿਦਵਾਨੀ ਤੇ ਸਮਾਜਿਕ ਘਾਲਣਾ ਨੂੰ ਸਮਰਪਿਤ ਇਕ ਵਿਸ਼ੇਸ਼ ਗੀਤ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਤੇ ਮੁੱਖ ਮਹਿਮਾਨ ਸੰਤ ਤੇਜਾ ਸਿੰਘ ਐਮ.ਏ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।