ਸੁਰੱਖਿਆ ਗਾਰਡ ਇੰਚਾਰਜ ਤੋਂ ਮੋਬਾਈਲ ਫੋਨ ਖੋਹਿਆ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 21 Feb 2026 11:35 PM (IST)
Updated Date: Sat, 21 Feb 2026 11:39 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਲਿੱਧੜਾਂ ਨੇੜੇ ਸਰਵਿਸ ਰੋਡ ’ਤੇ ਦੇਰ ਰਾਤ ਲੁਟੇਰਿਆਂ ਨੇ ਐੱਨਆਈਟੀ ਕਾਲਜ ਦੇ ਸੁਰੱਖਿਆ ਗਾਰਡ ਇੰਚਾਰਜ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਪੀੜਤ ਕਿਸ਼ੋਰੀ ਲਾਲ ਨੇ ਦੱਸਿਆ ਕਿ ਉਹ ਰਾਤ ਨੂੰ ਘਰ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਸਕੂਟਰ ਨੂੰ ਪਿੱਛਿਓਂ ਟੱਕਰ ਮਾਰ ਕੇ ਸੁੱਟ ਲਿਆ। ਉਸ 'ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਮੋਬਾਈਲ ਫੋਨ ਖੋਹ ਲਿਆ। ਲੁਟੇਰਿਆਂ ਨੇ ਸਕੂਟਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਪਿੱਛਿਓਂ ਆਉਂਦੇ ਵਾਹਨਾਂ ਦੀਆਂ ਲਾਈਟਾਂ ਦੇਖ ਕੇ ਉਹ ਫ਼ਰਾਰ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਵੀ ਲੁਟੇਰੇ ਪ੍ਰੋਫੈਸਰ ਡਾ. ਸੁਧੀਰ ਤੋਂ ਲੈਪਟਾਪ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।