ਮੰਦਰ ਭੂਤਨਾਥ ਤੇ ਗਊਸ਼ਾਲਾ ਕਮੇਟੀ ਨੇ ਮਨਾਇਆ ਦੂਜਾ ‘ਵਣ ਮਹਾਉਤਸਵ’ *ਮੰਦਿਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵੱਲੋਂ ਮਨਾਇਆ ਗਿਆ ਦੂਸਰਾ ‘ਵਣ ਮਹਾਂਉਤਸਵ’
Publish Date: Sat, 25 Jul 2026 08:02 PM (IST)
Updated Date: Sun, 26 Jul 2026 04:05 AM (IST)
-ਮੰਦਰ ਕਮੇਟੀ ਨੇ ਸਾਉਣ ਮਹੀਨੇ ’ਚ 300 ਬੂਟੇ ਲਾਉਣ ਦਾ ਮਿੱਥਿਆ ਟੀਚਾ ਅਵਤਾਰ ਚੰਦ/ਰੇਸ਼ਮ ਲਾਲ, ਨੂਰਮਹਿਲ, ਪੰਜਾਬੀ ਜਾਗਰਣ : ਵਾਤਾਵਰਣ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਮੰਦਰ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਦੇ ਮਹਿਲਾ ਵਿੰਗ, ਬਾਬਾ ਭੂਤਨਾਥ ਮਹਿਲਾ ਸੰਕੀਰਤਨ ਮੰਡਲੀ ਨੇ ਦੂਸਰਾ ‘ਵਣ ਮਹਾਉਤਸਵ’ ਉਤਸ਼ਾਹ ਨਾਲ ਮਨਾਇਆ। ਇਸ ਉਤਸਵ ਦੀ ਸ਼ੁਰੂਆਤ ਮੰਦਰ ’ਚ ਮਹਿਲਾਵਾਂ ਨੇ ਨਵੇਂ ਬੂਟੇ ਲਾ ਕੇ ਕੀਤੀ। ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਮੈਹਨ ਅਨੁਸਾਰ ਸਾਉਣ ਮਹੀਨੇ ਦੀ ਅਧਿਆਤਮਿਕ ਅਤੇ ਸਮਾਜਿਕ ਮਹੱਤਤਾ ਨੂੰ ਦੇਖਦਿਆਂ ਇਹ ਉਤਸਵ ਹਰ ਸਾਲ ਸਾਉਣ ਦੇ ਹਰ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਬਾਬਾ ਭੂਤਨਾਥ ਮਹਿਲਾ ਸੰਕੀਰਤਨ ਮੰਡਲੀ ਦੀਆਂ ਔਰਤ ਮੈਂਬਰਾਂ ਵੱਲੋਂ 50 ਬੂਟੇ ਲਾਏ ਗਏ। ਕਮੇਟੀ ਵੱਲੋਂ ਇਸ ਸਾਲ 300 ਬੂਟੇ ਲਾਉਣ ਦਾ ਟੀਚਾ ਰੱਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਬੂਟੇ ਲਾਉਣ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਦਰ ਕਮੇਟੀ ਵੱਲੋਂ ਹਰ ਸਾਲ ਸਾਉਣ ਮਹੀਨੇ ਮੌਕੇ ਸੈਂਕੜੇ ਬੂਟੇ ਲਾ ਕੇ ਨੂਰਮਹਿਲ ਤੇ ਇਲਾਕੇ ’ਚ ਵਾਤਾਵਰਣ ਸੰਭਾਲ ਦੀ ਬਿਹਤਰੀਨ ਉਦਾਹਰਣ ਪੇਸ਼ ਕੀਤੀ ਜਾਂਦੀ ਹੈ। ਮੰਦਰ ਤੇ ਗਊਸ਼ਾਲਾ ਦੇ ਆਲੇ-ਦੁਆਲੇ ਹਰਿਆਵਲ ਵਧਾਉਣ ਲਈ ਕਮੇਟੀ ਵੱਲੋਂ ਇਹ ਉਪਰਾਲਾ ਪਿਛਲੇ 55 ਸਾਲ ਤੋਂ ਜਾਰੀ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਮੈਹਨ ਅਤੇ ਮਹਿਲਾ ਸੰਕੀਰਤਨ ਮੰਡਲੀ ਦੇ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਮਨੁੱਖ ਲਾਵੇ ਇੱਕ ਰੁਖ ਦੇ ਸਲੋਗਨ ਅਨੁਸਾਰ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ, ਤਾਂ ਜੋ ਵਾਤਾਵਰਣ ਸ਼ੁੱਧ ਤੇ ਹਰਿਆ-ਭਰਿਆ ਰਹੇ। ਸਰਵ ਹਿੱਤਕਾਰੀ ਵਿੱਦਿਆ ਮੰਦਰ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਮੰਦਰ ਤੇ ਗਊਸ਼ਾਲਾ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ਦਾ ਮੰਦਰ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹਨਾਂ ਬੱਚਿਆਂ ਨੂੰ ਕਮੇਟੀ ਦੇ ਸੀਨੀਅਰ ਮੈਂਬਰ ਮਾਸਟਰ ਇੰਦਰਜੀਤ ਵੱਲੋਂ ਸੰਸਕ੍ਰਿਤੀ, ਸੰਸਕਾਰ, ਸੇਵਾ ਤੇ ਨੈਤਿਕ ਕਦਰਾਂ ਕੀਮਤਾਂ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ। ਕਮੇਟੀ ਵੱਲੋਂ ਬੱਚਿਆਂ ਨੂੰ ਰਿਫਰੈੱਸ਼ਮੈਂਟ ਅਤੇ ਸਟੇਸ਼ਨਰੀ ਵੀ ਵੰਡੀ। ਇਸ ਮੌਕੇ ਰਾਜ ਕੁਮਾਰ ਮੈਹਨ ਤੋਂ ਇਲਾਵਾ ਕਮੇਟੀ ਦੇ ਜਨਰਲ ਸਕੱਤਰ ਅਨਿਲ ਮਿਸਰ, ਕੈਸ਼ੀਅਰ ਹਰੀਸ਼ ਮੈਹਨ, ਪੀਆਰਓ ਰਾਜਿੰਦਰ ਕਾਲੜਾ, ਮਹੇਸ਼ ਕੁਮਾਰ ਜਗਪਾਲ, ਇੰਦਰਜੀਤ ਮਾਝੂ ਵਿੱਕੀ ਤਕਿਆਰ, ਵਿਨੋਦ ਕੁਮਾਰ, ਰਮੇਸ਼ ਕੁਮਾਰ ਸੇਖੜੀ, ਅਨੂਪ ਕੌਸਲ, ਮੰਦਰ ਕਮੇਟੀ ਦੇ ਅਹੁਦੇਦਾਰ, ਮਹਿਲਾ ਸੰਕੀਰਤਨ ਮੰਡਲੀ ਦੀਆਂ ਔਰਤਾਂ ਤੇ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ, ਜਿਨ੍ਹਾਂ ਨੇ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲਿਆ।