ਰਾਜਾ ਗਾਰਡਨ ਤੇ ਸਈਪੁਰ ’ਚ ਬੰਦ ਸੀਵਰੇਜ ਤੋਂ ਲੋਕ ਪਰੇਸ਼ਾਨ
ਰਾਜਾ ਗਾਰਡਨ ਅਤੇ ਸਈਪੁੁਰ ਵਿਖੇ ਦੋ ਮਹੀਨਿਆਂ ਤੇਂ ਬੰਦ ਸੀਵਰੇਜ ਤੋਂ ਲੋਕ ਪ੍ਰੇਸ਼ਾਨ,ਸੁਨਵਾਈ ਨਹੀ
Publish Date: Sun, 05 Apr 2026 07:23 PM (IST)
Updated Date: Sun, 05 Apr 2026 07:25 PM (IST)
- ਬਬਰੀਕ ਚੌਕ ’ਚ ਕਈ ਗਲੀਆਂ ਤੇ ਪਾਰਕਾਂ ਤੋਂ ਇੰਟਰਲਾਕਿੰਗ ਟਾਈਲਾਂ ਪੁੱਟ ਕੇ ਸੜਕ ’ਤੇ ਸੁੱਟੀਆਂ, ਬਣੀਆਂ ਟ੍ਰੈਫਿਕ ਸਮੱਸਿਆ
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਹੈ। ਇਸ ਦੀ ਮਿਸਾਲ ਗਦਈਪੁਰ ਦੇ ਰਾਜਾ ਗਾਰਡਨ ਅਤੇ ਸੁਈਪੁਰ ਦੀਆਂ ਗਲੀਆਂ ’ਚ ਪਿਛਲੇ ਦੋ ਮਹੀਨਿਆਂ ਤੋਂ ਬੰਦ ਸੀਵਰੇਜ ਤੋਂ ਮਿਲਦੀ ਹੈ, ਜਿਸ ਬਾਰੇ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਹਾਲੇ ਤਕ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਗਦਈਪੁਰ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੋਸ਼ ਲਾਇਆ ਹੈ ਕਿ ਉਹ ਇਸ ਸਬੰਧੀ ਜ਼ੋਨਲ ਦਫ਼ਤਰ ਜਾ ਕੇ ਸੀਵਰੇਜ ਬੰਦ ਦੀ ਸ਼ਿਕਾਇਤ ਦੇ ਨਾਲ ਫੋਟੋ ਆਦਿ ਵੀ ਦੇ ਕੇ ਆਏ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੇਅਰ ਅਤੇ ਕਮਿਸ਼ਨਰ ਦੇ ਧਿਆਨ ’ਚ ਵੀ ਲਿਆ ਚੁੱਕੇ ਹਨ ਅਤੇ ਉਹ ਉਨ੍ਹਾਂ ਨੂੰ ਬਹਾਨਾ ਬਣਾ ਕੇ ਤੋਰ ਦਿੰਦੇ ਹਨ, ਜਿਸ ਕਾਰਨ ਲੋਕ ਉਨ੍ਹਾਂ ਤੋਂ ਜਵਾਬ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਤਾਂ ਫਿਰ ਉਹ ਲੋਕਾਂ ਦੀਆਂ ਉਮੀਦਾਂ ਅਨੁਸਾਰ ਸਹੂਲਤਾਂ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀ ਵੀ ਸੁਣਵਾਈ ਨਿਗਮ ਪ੍ਰਸ਼ਾਸਨ ਨਹੀਂ ਕਰ ਰਿਹਾ। ਉਨ੍ਹਾਂ ਨੇ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਸਹੂਲਤਾਂ ਤਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਤਾਂ ਜੋ ਬੰਦ ਸੀਵਰੇਜ ਤੋਂ ਪੈਦਾ ਹੋਣ ਵਾਲੀ ਮਹਾਮਾਰੀ ਤੋਂ ਲੋਕ ਬੱਚ ਸਕਣ।
ਇਸੇ ਤਰ੍ਹਾਂ ਹੀ ਬਸਤੀਆਤ ਦੇ ਬਬਰੀਕ ਚੌਕ ਦੇ ਜ਼ੋਨਲ ਦਫ਼ਤਰ ਦੇ ਬਾਹਰ ਗਲੀਆਂ ਅਤੇ ਪਾਰਕਾਂ ਤੋਂ ਪੁਟੀਆਂ ਹੋਈਆਂ ਇੰਟਰ ਲਾਕਿੰਗ ਟਾਈਲਾਂ ਸੜਕ ’ਤੇ ਸੁੱਟਣ ਕਾਰਨ ਸੜਕ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਿੱਥੋਂ ਇਹ ਇੰਟਰਲਾਕਿੰਗ ਟਾਈਲਾਂ ਪੁੱਟੀਆਂ ਗਈਆਂ ਹਨ, ਉੱਥੇ ਹਾਲੇ ਤਕ ਕੰਮ ਸ਼ੁਰੂ ਨਹੀਂ ਹੋਣ ਕਾਰਨ ਲੋਕ ਪਰੇਸ਼ਾਨੀ ’ਚ ਹਨ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਛੇਤੀ ਹੀ ਵਿਕਾਸ ਕੰਮ ਕਰਵਾ ਕੇ ਉਨ੍ਹਾਂ ਦੀਆਂ ਗਲੀਆਂ ਅਤੇ ਪਾਰਕਾਂ ਦਾ ਸੁੰਦਰੀਕਰਨ ਕਰੇ।