ਪ੍ਰਿੰਸੀਪਲਾਂ ਤੋਂ ਹੀ ਸੱਖਣੇ ਸਕੂਲ ਚੱਲ ਰਹੇ ਹਨ : ਸੰਧੂ ਪ੍ਰਿੰਸੀਪਲਾਂ ਤੋਂ ਹੀ ਸੁਲੱਖਣੇ ਸਕੂਲ ਚੱਲ ਰਹੇ ਹਨ: ਸੰਧੂ
Publish Date: Sat, 05 Sep 2026 07:13 PM (IST)
Updated Date: Sat, 05 Sep 2026 07:16 PM (IST)
ਹਲਕਾ ਫਿਲੌਰ ਦੀ ‘ਆਪ’ ਲੀਡਰਸ਼ਿਪ ’ਤੇ ਖੋਖਲੇ ਦਾਅਵੇ ਕਰਨ ਦੇ ਦੋਸ਼ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾ ਰਹੀ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਅਧਿਆਪਕ ਦਿਵਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਫਿਲੌਰ ਤੋਂ ਸੀਨੀਅਰ ਆਗੂ ਰਾਜਿੰਦਰ ਸੰਧੂ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਫਿਲੌਰ ਦੀ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ’ਤੇ ਤਿੱਖੇ ਨਿਸ਼ਾਨੇ ਸਾਧੇ। ਰਾਜਿੰਦਰ ਸੰਧੂ ਨੇ ਦਾਅਵਾ ਕੀਤਾ ਕਿ ਹਲਕਾ ਫਿਲੌਰ ਦੇ ਕਈ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ ਵੱਡੀ ਗਿਣਤੀ ’ਚ ਅਸਾਮੀਆਂ ਖਾਲੀ ਪਈਆਂ ਹਨ। ਕਈ ਸਕੂਲਾਂ ਵਿੱਚ ਪੂਰਾ ਸਟਾਫ਼ ਨਾ ਹੋਣ ਕਾਰਨ ਪ੍ਰਿੰਸੀਪਲਾਂ ਤੇ ਮੌਜੂਦਾ ਅਧਿਆਪਕਾਂ ’ਤੇ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਸਕੂਲ ਆਫ ਐਮੀਨੈਂਸ ਫਿਲੌਰ ਵਿੱਚ ਕੁੱਲ 66 ਅਸਾਮੀਆਂ ਵਿੱਚੋਂ 39 ਅਸਾਮੀਆਂ ਖਾਲੀ ਪਈਆਂ ਹਨ, ਜਿੱਥੇ ਕਰੀਬ 1550 ਵਿਦਿਆਰਥੀ ਪੜ੍ਹ ਰਹੇ ਹਨ। ਇਸੇ ਤਰ੍ਹਾਂ ਪ੍ਰਤਾਪਪੁਰਾ ਸਕੂਲ ’ਚ 23 ਅਸਾਮੀਆਂ ਵਿੱਚੋਂ 17 ਖਾਲੀ ਹਨ, ਜਦਕਿ ਲਸਾੜਾ ਸਕੂਲ ਵਿੱਚ 25 ਵਿੱਚੋਂ 17 ਅਸਾਮੀਆਂ ਖਾਲੀ ਹੋਣ ਦਾ ਉਨ੍ਹਾਂ ਦਾਅਵਾ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ’ਚ ਵੀ ਕਰੀਬ 14 ਅਸਾਮੀਆਂ ਖਾਲੀ ਹੋਣ ਦੀ ਗੱਲ ਕਹੀ ਗਈ। ਸੰਧੂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲਾਅ ਦੀ ਉਮੀਦ ਨਾਲ ਵੋਟਾਂ ਪਾਈਆਂ ਸਨ ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ, ਬਲਾਕ ਪ੍ਰਧਾਨ ਅਤੇ ਹੋਰ ਆਗੂ ਸਕੂਲਾਂ ਵਿੱਚ ਪੂਰਾ ਸਟਾਫ਼ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਜਦਕਿ ਜ਼ਮੀਨੀ ਹਾਲਾਤ ਵੱਖਰੇ ਹਨ। ਉਨ੍ਹਾਂ ਪੰਜਾਬ ਸਰਕਾਰ, ਹਲਕਾ ਫਿਲੌਰ ਦੀ ਸਥਾਨਕ ਲੀਡਰਸ਼ਿਪ, ਬਲਾਕ ਪ੍ਰਧਾਨਾਂ ਅਤੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਸਰਕਾਰੀ ਸਕੂਲਾਂ ਦਾ ਵਿਸ਼ੇਸ਼ ਸਰਵੇ ਕਰਵਾਇਆ ਜਾਵੇ ਅਤੇ ਜਿਥੇ ਅਸਾਮੀਆਂ ਖਾਲੀ ਹਨ, ਉਨ੍ਹਾਂ ਨੂੰ ਤੁਰੰਤ ਭਰਿਆ ਜਾਵੇ। ਸੰਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਸਰਕਾਰੀ ਸਕੂਲਾਂ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਜਵਾਬ ਦੇਣਗੇ। ਇਸ ਸਬੰਧੀ ਜਦੋਂ ਸਿੱਖਿਆ ਅਧਿਕਾਰੀ ਗੁਰਿੰਦਰਜੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਘਾਟ ਹੈ। ਇਸ ਸਮੱਸਿਆ ਦਾ ਜਲਦ ਹੱਲ ਕੱਢਣ ਲਈ ਕਾਰਵਾਈ ਕੀਤੀ ਜਾ ਰਹੀ ਹੈ।