ਐਸਜੀਟੀਬੀ ਸਕੂਲ ’ਚ ਮਨਾਇਆ ਵਿਸ਼ਵ ਪੰਜਾਬੀ ਦਿਵਸ ਐਸ. ਜੀ. ਟੀ. ਬੀ. ਪਬਲਿਕ ਸਕੂਲ, ਸਨੌਰਾ ਵਿੱਚ ਮਨਾਇਆ ਗਿਆ ਵਿਸ਼ਵ ਪੰਜਾਬੀ ਦਿਵਸ
Publish Date: Wed, 23 Sep 2026 08:05 PM (IST)
Updated Date: Wed, 23 Sep 2026 08:09 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਐਸਜੀਟੀਬੀ ਪਬਲਿਕ ਸਕੂਲ, ਸਨੌਰਾ ਵਿੱਚ ਵਿਸ਼ਵ ਪੰਜਾਬੀ ਦਿਵਸ ਵੱਡੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਦਿਵਸ ਦਾ ਮੰਤਵ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਅਮੀਰ ਰਵਾਇਤ ਨੂੰ ਉਜਾਗਰ ਕਰਨਾ ਸੀ। ਦਿਨ ਦੀ ਸ਼ੁਰੂਆਤ ਵਿਸ਼ੇਸ਼ ਸਭਾ ਪ੍ਰੋਗਰਾਮ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਕਵਿਤਾ ਉਚਾਰਨ ਤੇ ਭਾਸ਼ਣਾਂ ਰਾਹੀਂ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨ ਅਤੇ ਇਸਦੀ ਵਰਤੋਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰਣ ਵੀ ਲਿਆ ਗਿਆ। ਇਸ ਮੌਕੇ ਸਲੋਗਨ ਅਤੇ ਪੋਸਟਰ ਬਣਾਉਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਰੰਗ–ਬਰੰਗੇ ਪੋਸਟਰਾਂ ਅਤੇ ਨਾਅਰਿਆਂ ਰਾਹੀਂ ਪੰਜਾਬੀ ਲਈ ਆਪਣਾ ਪਿਆਰ ਦਰਸਾਇਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਵੱਲੋਂ ਪੰਜਾਬੀ ਵਿਚ ਆਪਣੇ ਆਪਣੇ ਹਸਤਾਖਰ ਵੀ ਕੀਤੇ ਗਏ। ਆਖ਼ਰ ਵਿੱਚ, ਪ੍ਰਿੰਸਿਪਲ ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਮਾਤ ਭਾਸ਼ਾ ‘ਪੰਜਾਬੀ’ ਉੱਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਹੀ ਨਹੀਂ, ਸਗੋਂ ਇੱਕ ਜੀਵੰਤ ਸਭਿਆਚਾਰ ਅਤੇ ਸਾਡੀ ਪਹਿਚਾਣ ਹੈ, ਜਿਸਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣਾ ਬਹੁਤ ਜ਼ਰੂਰੀ ਹੈ।