- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਮਟ ਵੱਲੋਂ ਮੁਠੱਡਾ ਕਲਾਂ ’ਚ ਸਾਈਬਰ ਸੁਰੱਖਿਆ ਤੇ ਵੋਟਰ ਜਾਗਰੂਕਤਾ ਮੁਹਿੰਮ

-ਆਨਲਾਈਨ ਧੋਖਾਧੜੀ ਤੋਂ ਬਚਾਅ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਪਿੰਡ ਵਾਸੀਆਂ ਨੂੰ ਕੀਤਾ ਜਾਗਰੂਕ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੀ ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ), ਗੁਰਾਇਆ ਵੱਲੋਂ ਪਿੰਡ ਮੁਠੱਡਾ ਕਲਾਂ ਵਿਖੇ ਸਾਈਬਰ ਸੁਰੱਖਿਆ ਤੇ ਵੋਟਰ ਸ਼ਨਾਖਤੀ ਕਾਰਡ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸੰਸਥਾ ਦੇ ਅਧਿਆਪਕਾਂ ਤੇ ਵਿਦਿਆਰਥੀ ਵਲੰਟੀਅਰਾਂ ਨੇ ਲੋਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਣ ਲਈ ਅਹਿਮ ਜਾਣਕਾਰੀ ਦਿੱਤੀ। ਲੋਕਾਂ ਨੂੰ ਨਿੱਜੀ ਜਾਣਕਾਰੀ, ਬੈਂਕਿੰਗ ਵੇਰਵਿਆਂ ਤੇ ਗੁਪਤ ਕੋਡਾਂ ਨੂੰ ਸੁਰੱਖਿਅਤ ਰੱਖਣ ਤੇ ਅਣਜਾਣ ਲਿੰਕਾਂ ’ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਯੋਗ ਬਾਲਗ ਨਾਗਰਿਕਾਂ ਵੱਲੋਂ ਵੋਟਰ ਸੂਚੀ ’ਚ ਆਪਣਾ ਨਾਮ ਦਰਜ ਕਰਵਾਉਣ, ਵੋਟਰ ਸ਼ਨਾਖਤੀ ਕਾਰਡ ਬਣਵਾਉਣ ਤੇ ਕਾਰਡ ’ਚ ਗਲਤ ਵੇਰਵਿਆਂ ਦੀ ਸੋਧ ਕਰਵਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ।
ਮੁਠੱਡਾ ਕਲਾਂ ਦੀ ਸਰਪੰਚ ਮਨਜੀਤ ਕੌਰ, ਪੰਚਾਇਤ ਮੈਂਬਰ ਤੇ ਸਾਬਕਾ ਸਰਪੰਚ ਕਾਂਤੀ ਮੋਹਨ, ਪੰਚਾਇਤ ਮੈਂਬਰ ਸਰਬਜੀਤ ਰਾਮ, ਜਿੰਦਰਪਾਲ ਤੇ ਤਰਸੇਮ ਕੌਰ ਤੋਂ ਇਲਾਵਾ ਪੰਚ ਡਾ. ਦੇਸ ਰਾਜ ਤੇ ਪੰਚ ਦੀਪਕ ਕੁਮਾਰ ਨੇ ਸ਼ਿਮਟ ਦੀ ਟੀਮ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸ਼ਿਮਟ ਦੇ ਪ੍ਰਿੰਸੀਪਲ ਪ੍ਰੋ. (ਡਾ.) ਪਲਵਿੰਦਰ ਕੁਮਾਰ ਨੇ ਕਿਹਾ ਕਿ ਡਿਜੀਟਲ ਸਾਖਰਤਾ ਤੇ ਵੋਟਰ ਜਾਗਰੂਕਤਾ ਇਕ ਸੁਰੱਖਿਅਤ, ਸੂਝਵਾਨ ਤੇ ਜ਼ਿੰਮੇਵਾਰ ਸਮਾਜ ਦੀ ਉਸਾਰੀ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਰਹਿਣ, ਡਿਜੀਟਲ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਪੰਚਾਇਤ ਵੱਲੋਂ ਸਮਾਜਿਕ ਜਾਗਰੂਕਤਾ ਤੇ ਲੋਕ ਭਲਾਈ ਦੇ ਖੇਤਰ ’ਚ ਯੋਗਦਾਨ ਪਾਉਣ ਲਈ ਸ਼ਿਮਟ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।