- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਸੀ. ਸਿਖਿਆਰਥੀਆਂ ਲਈ ਦੋ ਹਫ਼ਤੇ ਦਾ ਮੁਫ਼ਤ ਡੇਅਰੀ ਸਿਖ਼ਲਾਈ ਕੋਰਸ 3 ਅਗਸਤ ਤੋਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਲਾਭਪਾਤਰੀਆਂ ਲਈ ਦੋ ਹਫ਼ਤਿਆਂ ਦੇ ਮੁਫ਼ਤ ਡੇਅਰੀ ਸਿਖ਼ਲਾਈ ਕੋਰਸ ਦਾ ਪਹਿਲਾ ਬੈਚ 3 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਕੋਰਸ ਡੇਅਰੀ ਟ੍ਰੇਨਿੰਗ ਸੈਂਟਰ, ਫਗਵਾੜਾ ’ਚ ਚਲਾਇਆ ਜਾਵੇਗਾ। ਡੇਅਰੀ ਸਿਖ਼ਲਾਈ ਕੋਰਸ ਦੌਰਾਨ ਦੁਧਾਰੂ ਪਸ਼ੂਆਂ ਦੀ ਖ਼ਰੀਦ ਤੋਂ ਲੈ ਕੇ ਪਸ਼ੂ ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਤੋਂ ਇਲਾਵਾ ਵਿਭਾਗੀ ਲਿਟਰੇਚਰ ਮੁਫ਼ਤ ਦਿੱਤਾ ਜਾਵੇਗਾ। ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਿਆਰਥੀਆਂ ਦੀ ਚੋਣ ਜ਼ਿਲ੍ਹਾ ਲੈਵਲ ਤੇ ਵਿਭਾਗੀ ਕਮੇਟੀਆਂ ਵੱਲੋਂ ਕੀਤੀ ਜਾਵੇਗੀ। ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਅਕਤੀ (ਮਰਦ/ਔਰਤ), ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਤੇ ਘੱਟ ਤੋਂ ਘੱਟ ਪੰਜਵੀ ਪਾਸ ਹੋਵੇ, ਪੇਂਡੂ ਪਿਛੋਕੜ ਨਾਲ ਸਬੰਧ ਰੱਖਦਾ ਹੋਵੇ, ਦਫਤਰ ਡਿਪਟੀ ਡਾਇਰੈਕਟਰ, ਜਲੰਧਰ ਲਾਡੋਵਾਲੀ ਰੋਡ ਨੇੜੇ ਰੇਲਵੇ ਫਾਟਕ ਆਰ.ਡੀ.ਡੀ.ਐਲ.ਕੰਪਲੈਕਸ ਵਿਖੇ ਮਿਤੀ 27-07-2026 ਤੱਕ ਆਪਣਾ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਲੈ ਕੇ ਫਾਰਮ ਭਰ ਸਕਦੇ ਹਨ। ਟ੍ਰੇਨਿੰਗ ਉਪਰੰਤ ਉਮੀਦਵਾਰਾਂ ਨੂੰ 2,5 ਅਤੇ 10 ਤੇ 20 ਦੁਧਾਰੂ ਪਸ਼ੂਆਂ ਦੀ ਖ਼ਰੀਦ ’ਤੇ ਵਿਭਾਗ ਵਲੋਂ 33 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਿਖ਼ਲਾਈ ਦੌਰਾਨ ਸਿਖਿਆਰਥੀਆਂ ਨੂੰ 3500 ਰੁਪਏ ਵਜ਼ੀਫਾ ਵੀ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 73408-86952 ਤੇ 81949-08659 ’ਤੇ ਸੰਪਰਕ ਕੀਤਾ ਜਾ ਸਕਦਾ ਹੈ।