- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5-ਦਿਨਾਂ ਦਾ ਬੈਂਕਿੰਗ ਹਫ਼ਤਾ ਤੁਰੰਤ ਲਾਗੂ ਕਰਨ ਦੀ ਮੰਗ, ਯੂ.ਐਫ ਬੀ ਯੂ ਦੀ ਅਗਵਾਈ ਹੇਠ ਬੈਂਕ ਮੁਲਾਜ਼ਮਾਂ ਨੇ ਕੀਤੀ ਵਿਸ਼ਾਲ ਰੈਲੀ

ਯੂਐੱਫਬੀਯੂ ਦੇ ਸੱਦੇ ’ਤੇ ਦੇਸ਼ਵਿਆਪੀ ਹੜਤਾਲ, ਐੱਨਜ਼ੈਡਆਈਈਏ ਜਲੰਧਰ ਨੇ ਵੀ ਦਿੱਤਾ ਸਮਰਥਨ
ਜਲੰਧਰ 'ਚ 500 ਕਰੋੜ ਦਾ ਕਾਰੋਬਾਰ ਠੱਪ, 48 ਹਜ਼ਾਰ ਚੈੱਕ ਅਟਕੇ
ਤੇਜਿੰਦਰ ਕੌਰ, ਪੰਜਾਬੀ ਜਾਗਰਣ
ਜਲੰਧਰ : ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਇਕ ਰੋਜ਼ਾ ਦੇਸ਼ਵਿਆਪੀ ਹੜਤਾਲ ਤਹਿਤ ਜਲੰਧਰ ’ਚ ਵੀ ਬੈਂਕ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੈਲੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮੁੱਖ ਤੌਰ ’ਤੇ ਪੰਜ ਦਿਨ ਦਾ ਬੈਂਕਿੰਗ ਹਫ਼ਤਾ ਤੁਰੰਤ ਲਾਗੂ ਕਰਨ ਦੀ ਮੰਗ ਉਠਾਈ ਗਈ। ਸ਼ੁੱਕਰਵਾਰ ਸਵੇਰੇ 10:30 ਵਜੇ ਬੈਂਕ ਕਰਮਚਾਰੀ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਬ੍ਰਾਂਚ ਵਿਖੇ ਇਕੱਠੇ ਹੋਏ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹੇ ਦੀਆਂ 370 ਬੈਂਕ ਸ਼ਾਖਾਵਾਂ ਦੇ 3,000 ਤੋਂ ਵੱਧ ਕਰਮਚਾਰੀਆਂ ਨੇ ਹੜਤਾਲ ’ਚ ਹਿੱਸਾ ਲਿਆ। ਇਕ ਦਿਨਾ ਹੜਤਾਲ ਨੇ ਲਗਭਗ 500 ਕਰੋੜ ਦਾ ਲੈਣ-ਦੇਣ ਪ੍ਰਭਾਵਿਤ ਕੀਤਾ। 48,000 ਤੋਂ ਵੱਧ ਚੈੱਕਾਂ ਦੀ ਕਲੀਅਰੈਂਸ ਰੁਕ ਗਈ।
ਇਸ ਮੌਕੇ ਕਾਮਰੇਡ ਵਿਨੈ ਡੋਗਰਾ ਨੇ ਕਿਹਾ ਕਿ ਜੁਲਾਈ 2024 ’ਚ ਪੰਡ ਦਿਨ ਦਾ ਬੈਂਕਿੰਗ ਹਫ਼ਤਾ ਲਾਗੂ ਕਰਨ ਸਬੰਧੀ ਸਹਿਮਤੀ ਬਣਨ ਦੇ ਬਾਵਜੂਦ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਕਾਮਰੇਡ ਜੌਲੀ ਨੇ ਕਿਹਾ ਕਿ ਹੜਤਾਲ ਕਰਮਚਾਰੀਆਂ ਦਾ ਸ਼ੌਕ ਨਹੀਂ, ਸਗੋਂ ਮੰਗਾਂ ਦੀ ਲਗਾਤਾਰ ਅਣਦੇਖੀ ਕਾਰਨ ਮਜਬੂਰੀ ਬਣੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨਾਂ ਨੇ ਹਮੇਸ਼ਾ ਗੱਲਬਾਤ ਤੇ ਸਮਝੌਤੇ ਦਾ ਰਾਹ ਅਪਣਾਇਆ ਹੈ, ਪਰ ਮੰਗਾਂ ’ਤੇ ਠੋਸ ਕਾਰਵਾਈ ਨਾ ਹੋਣ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਕਾਮਰੇਡ ਤਰੁਣ ਸ਼ਰਮਾ ਨੇ ਕਿਹਾ ਕਿ 5-ਦਿਨਾਂ ਦਾ ਬੈਂਕਿੰਗ ਹਫ਼ਤਾ ਕੋਈ ਵਿਸ਼ੇਸ਼ ਅਧਿਕਾਰ ਨਹੀਂ, ਸਗੋਂ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਬੈਂਕਿੰਗ ਪ੍ਰਣਾਲੀ ’ਚ ਕਰਮਚਾਰੀਆਂ ਲਈ ਬਿਹਤਰ ਕੰਮਕਾਜੀ ਮਾਹੌਲ ਤੇ ਵਰਕ-ਲਾਈਫ ਬੈਲੈਂਸ ਨੂੰ ਧਿਆਨ ’ਚ ਰੱਖਦਿਆਂ ਹਫ਼ਤੇ ’ਚ ਪੰਜ ਦਿਨ ਕੰਮ ਦੀ ਵਿਵਸਥਾ ਲਾਗੂ ਕੀਤੀ ਜਾਣੀ ਚਾਹੀਦੀ ਹੈ। ਯੂਐੱਫਬੀਯੂ ਜਲੰਧਰ ਯੂਨਿਟ ਦੇ ਆਗੂਆਂ ਨੇ ਸਰਕਾਰ ਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ 2024 ’ਚ ਹੋਈ ਸਹਿਮਤੀ ਦਾ ਸਨਮਾਨ ਕਰਦਿਆਂ 5-ਦਿਨਾਂ ਬੈਂਕਿੰਗ ਹਫ਼ਤਾ ਬਿਨਾਂ ਹੋਰ ਦੇਰੀ ਤੋਂ ਲਾਗੂ ਕੀਤਾ ਜਾਵੇ। ਉਨ੍ਹਾਂ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਹੋਰ ਲੰਬਿਤ ਮੰਗਾਂ ਦਾ ਵੀ ਜਲਦ ਹੱਲ ਕਰਨ ਦੀ ਮੰਗ ਕੀਤੀ। ਰੈਲੀ ’ਚ ਐੱਨਸੀਬੀਈ ਤੋਂ ਅਤੁਲ ਲਰੋਈਆ, ਸੁਨੀਲ ਕਪੂਰ, ਇੰਦਰਜੀਤ ਸਿੰਘ ਤੇ ਅਮਿਤ ਵਿਗ, ਏਆਈਬੀਈਏ ਤੋਂ ਸਨੀ ਸ਼ਰਮਾ, ਡਿੰਪਲ ਨੰਦਾ, ਆਰਕੇ ਠਾਕੁਰ, ਕਮਲਜੀਤ ਸਿੰਘ ਕਾਲਰਾ, ਰਾਜ ਕੁਮਾਰ ਜੌਲੀ, ਬਲਵੰਤ ਰਾਏ, ਬਲਜੀਤ ਕੌਰ, ਰਮੇਸ਼ ਸ਼ਰਮਾ ਅਤੇ ਜਤਿੰਦਰ ਸਿਆਲ, ਬੀਈਐੱਫਆਈ ਤੋਂ ਜਸਵਿੰਦਰ ਸਿੰਘ ਸਾਹਨੀ, ਏਆਈਬੀਓਸੀ ਤੋਂ ਨਿਤਿਨ ਕੁਮਾਰ ਤੇ ਗੁਰਮੇਲ ਸਿੰਘ, ਏਆਈਬੀਓਏ ਤੋਂ ਸੰਦੀਪ ਭੱਲਾ ਤੇ ਆਈਐੱਨਬੀਓਸੀ ਤੋਂ ਰਵਨੀਤ ਸੋਹਨਪਾਲ ਸਮੇਤ ਸੈਂਕੜੇ ਬੈਂਕ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।
ਐੱਨਜ਼ੈੱਡਆਈਈਏ ਵੱਲੋਂ ਬੈਂਕ ਮੁਲਾਜ਼ਮਾਂ ਦੀ ਹੜਤਾਲ ਨੂੰ ਸਮਰਥਨ
ਇਸੇ ਦੌਰਾਨ ਨਾਰਦਰਨ ਜ਼ੋਨ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ, ਜਲੰਧਰ ਨੇ ਵੀ ਯੂਐੱਫਬੀਯੂ ਤੇ ਬੈਂਕਿੰਗ ਖੇਤਰ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਇਕ ਰੋਜ਼ਾ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ। ਐੱਨਜ਼ੈੱਡਆਈਈਏ ਜਲੰਧਰ ਨੇ ਬੈਂਕ ਕਰਮਚਾਰੀਆਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਸੰਘਰਸ਼ ਦੀ ਸਫਲਤਾ ਦੀ ਕਾਮਨਾ ਕੀਤੀ।
ਅਗਲੇ ਸੰਘਰਸ਼ ਦਾ ਐਲਾਨ
ਬੈਂਕ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 28 ਤੋਂ 30 ਸਤੰਬਰ ਤੱਕ 3 ਦਿਨ ਦੀ ਹੜਤਾਲ ਕੀਤੀ ਜਾਵੇਗੀ। ਫਿਰ ਵੀ ਸੁਣਵਾਈ ਨਾ ਹੋਈ ਤਾਂ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।