ਅਹੁਦਾ ਸੰਭਾਲਦਿਆਂ ਹੀ ਨਵੇਂ ਡੀਐੱਸਪੀ ਬੱਲ ਦਾ ਸਖ਼ਤ ਰੁਖ਼ ਨਕੋਦਰ ਵਿੱਚ ਅਹੁਦਾ ਸੰਭਾਲਦਿਆਂ ਹੀ ਨਵੇਂ ਡੀਐਸਪੀ ਸਰਵਣ ਸਿੰਘ ਬੱਲ ਦਾ ਸਖ਼ਤ ਰੁਖ਼,
Publish Date: Sat, 28 Nov 2026 08:03 PM (IST)
Updated Date: Sun, 29 Nov 2026 04:05 AM (IST)
ਨਸ਼ੇ ਦੇ ਹੌਟਸਪੌਟ, ਟ੍ਰਿਪਲ ਰਾਈਡਿੰਗ ਤੇ ਟ੍ਰੈਫਿਕ ਜਾਮ ਤੇ ਕੱਸੀ ਜਾਵੇਗੀ ਨਕੇਲ, ਸਿਵਲ ਹਸਪਤਾਲ ਦੇ ਬਾਹਰ ਸ਼ੱਕੀਆਂ ਦੀ ਵਾਹਨ ਐਪ ਰਾਹੀਂ ਹੋਵੇਗੀ ਜਾਂਚ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸਬ-ਡਵੀਜ਼ਨ ਦਾ ਚਾਰਜ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀਐੱਸਪੀ ਸਰਵਣ ਸਿੰਘ ਬੱਲ ਨੇ ਅੱਜ ਸ਼ਹਿਰ ਦੇ ਪੱਤਰਕਾਰਾਂ ਨਾਲ ਆਪਣੀ ਪਹਿਲੀ ਪਲੇਠੀ ਜਾਣ-ਪਛਾਣ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਕਰਮੀਆਂ ਨਾਲ ਰੂ-ਬਰੂ ਹੁੰਦਿਆਂ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ, ਨਸ਼ਾ ਤਸਕਰੀ ਤੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਰੋਡਮੈਪ ਸਾਂਝਾ ਕੀਤਾ ਤੇ ਪੱਤਰਕਾਰਾਂ ਤੋਂ ਵੀ ਸ਼ਹਿਰ ਦੇ ਮਸਲਿਆਂ ਸਬੰਧੀ ਸੁਝਾਅ ਲਏ। ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਲਾਕੇ ਦੇ ਦੋ ਚਿੰਨ੍ਹਿਤ ਹੌਟਸਪੌਟਸ ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਏ ਕੈਟਾਗਰੀ ਦੇ ਨਸ਼ਾ ਤਸਕਰਾਂ, ਲੜਾਈ-ਝਗੜੇ ਕਰਨ ਵਾਲੇ ਸ਼ਰਾਰਤੀ ਅਨਸਰਾਂ, ਗੈਂਗਸਟਰਾਂ ਤੇ ਬੁਲੇਟ ਜਾਂ ਮੋਟਰਸਾਈਕਲਾਂ ਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਹੁੱਲੜਬਾਜ਼ਾਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੀ ਸਭ ਤੋਂ ਵੱਡੀ ਟ੍ਰੈਫਿਕ ਸਮੱਸਿਆ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਕੋਦਰ ਵਿੱਚ ਦੋ ਪ੍ਰਸਿੱਧ ਧਾਰਮਿਕ ਅਸਥਾਨ ਹੋਣ ਕਾਰਨ ਰੋਜ਼ਾਨਾ ਅਤੇ ਖ਼ਾਸ ਕਰਕੇ ਵੀਰਵਾਰ ਤੇ ਐਤਵਾਰ ਨੂੰ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ, ਜਿਸ ਕਾਰਨ ਜਾਮ ਦੀ ਸਥਿਤੀ ਬਣਦੀ ਹੈ। ਇਸ ਦੇ ਪੱਕੇ ਹੱਲ ਲਈ ਉਹ ਜਲਦੀ ਹੀ ਐਸ.ਐਚ.ਓ., ਨਗਰ ਕੌਂਸਲ ਅਤੇ ਡੀ.ਐਸ.ਓ. ਨਾਲ ਮਿਲ ਕੇ ਸ਼ਹਿਰ ਦਾ ਦੌਰਾ ਕਰਨਗੇ। ਇਸ ਤਹਿਤ ਭੀੜ-ਭੜੱਕੇ ਵਾਲੇ ਕੁਝ ਮੁੱਖ ਮਾਰਗਾਂ ਨੂੰ ਵਨ-ਵੇਅ ਕਰਨ, ਸੜਕਾਂ ਤੇ ਖੜ੍ਹੀਆਂ ਨਾਜਾਇਜ਼ ਰੇਹੜੀਆਂ ਨੂੰ ਨਗਰ ਕੌਂਸਲ ਦੀ ਮਦਦ ਨਾਲ ਢੁੱਕਵੀਂ ਥਾਂ ਤੇ ਸ਼ਿਫਟ ਕਰਨ ਤੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਘੁੰਮਣ ਵਾਲੇ ਸ਼ੱਕੀ ਨੌਜਵਾਨਾਂ ਦੇ ਸਵਾਲ ਤੇ ਡੀਐਸਪੀ ਬੱਲ ਨੇ ਕਿਹਾ ਕਿ ਬਾਹਰੋਂ ਦਵਾਈ ਲੈਣ ਆਉਣ ਵਾਲੇ ਕਈ ਨੌਜਵਾਨ ਰਸਤੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਹਨ। ਇਸ ਤੇ ਰੋਕ ਲਗਾਉਣ ਲਈ ਹਸਪਤਾਲ ਤੋਂ ਦਵਾਈ ਲੈਣ ਵਾਲਿਆਂ ਦੀ ਸੂਚੀ ਲੈ ਕੇ ਵਾਹਨ ਐਪ ਅਤੇ ਪੁਲਿਸ ਰਿਕਾਰਡ ਰਾਹੀਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।