- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ ਉਨ੍ਹਾਂ ਨੇ ‘ਪਿੰਗਲਵਾੜਾ’ ਦੀ ਸਥਾਪਨਾ ਕਰਕੇ ਲਾਵਾਰਿਸ, ਅਪਾਹਜ, ਮਾਨਸਿਕ ਤੌਰ ’ਤੇ ਪੀੜਤ, ਬਜ਼ੁਰਗ ਤੇ ਬੇਸਹਾਰਾ ਲੋਕਾਂ ਲਈ ਆਸਰਾ, ਇਲਾਜ ਤੇ ਸਨਮਾਨਜਨਕ ਜੀਵਨ ਦਾ ਪ੍ਰਬੰਧ ਕੀਤਾ। ਸੰਤ ਸੀਚੇਵਾਲ ਨੇ ਪੱਤਰ ’ਚ ਭਗਤ ਪੂਰਨ ਸਿੰਘ ਦੀ ਵਾਤਾਵਰਣ ਪ੍ਰਤੀ ਦੂਰਅੰਦੇਸ਼ੀ ਦਾ ਵੀ ਜ਼ਿਕਰ ਕੀਤਾ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਗਤ ਪੂਰਨ ਸਿੰਘ ਦੀ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾ ਤੇ ਵਾਤਾਵਰਣ ਸੰਭਾਲ ਲਈ ਪਾਏ ਯੋਗਦਾਨ ਨੂੰ ਕੌਮੀ ਪੱਧਰ ’ਤੇ ਸਨਮਾਨ ਦੇਣ ਦੀ ਅਪੀਲ ਕੀਤੀ। ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਦੇ ਸੰਦਰਭ ’ਚ ਲਿਖੇ ਪੱਤਰ ਵਿੱਚ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਸੇਵਾ, ਤਿਆਗ, ਸਾਦਗੀ ਤੇ ਮਨੁੱਖੀ ਭਲਾਈ ਨੂੰ ਸਮਰਪਿਤ ਰਿਹਾ।
ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਤੱਕ ਲੋੜਵੰਦਾਂ ਦੀ ਸੇਵਾ ਨੂੰ ਆਪਣਾ ਧਰਮ ਬਣਾਈ ਰੱਖਿਆ। ਉਨ੍ਹਾਂ ਪੱਤਰ ’ਚ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਭਗਤ ਪੂਰਨ ਸਿੰਘ ਵੱਲੋਂ ਇੱਕ ਅਪਾਹਜ ਤੇ ਬੇਸਹਾਰਾ ਵਿਅਕਤੀ ਪਿਆਰਾ ਸਿੰਘ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਅੰਮ੍ਰਿਤਸਰ ਲਿਆਉਣ ਦੀ ਘਟਨਾ ਉਨ੍ਹਾਂ ਦੀ ਸੇਵਾ-ਯਾਤਰਾ ਦਾ ਮਹੱਤਵਪੂਰਨ ਮੋੜ ਬਣੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪਿੰਗਲਵਾੜਾ’ ਦੀ ਸਥਾਪਨਾ ਕਰਕੇ ਲਾਵਾਰਿਸ, ਅਪਾਹਜ, ਮਾਨਸਿਕ ਤੌਰ ’ਤੇ ਪੀੜਤ, ਬਜ਼ੁਰਗ ਤੇ ਬੇਸਹਾਰਾ ਲੋਕਾਂ ਲਈ ਆਸਰਾ, ਇਲਾਜ ਤੇ ਸਨਮਾਨਜਨਕ ਜੀਵਨ ਦਾ ਪ੍ਰਬੰਧ ਕੀਤਾ। ਸੰਤ ਸੀਚੇਵਾਲ ਨੇ ਪੱਤਰ ’ਚ ਭਗਤ ਪੂਰਨ ਸਿੰਘ ਦੀ ਵਾਤਾਵਰਣ ਪ੍ਰਤੀ ਦੂਰਅੰਦੇਸ਼ੀ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਵਾਤਾਵਰਣ ਸੰਕਟ ਅੱਜ ਵਾਂਗ ਵੱਡੀ ਚਰਚਾ ਦਾ ਵਿਸ਼ਾ ਨਹੀਂ ਸੀ, ਉਦੋਂ ਵੀ ਭਗਤ ਜੀ ਨੇ ਕੁਦਰਤੀ ਸਰੋਤਾਂ ਦੀ ਸੰਭਾਲ, ਰੁੱਖਾਂ ਦੀ ਰੱਖਿਆ ਤੇ ਸਾਦੇ ਜੀਵਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਸਾਲ 1979 ਵਿੱਚ ‘ਪਦਮ ਸ਼੍ਰੀ’ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੀ ਸੇਵਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਅੱਜ ਵੀ ਸਮਾਜ ਲਈ ਮਾਰਗਦਰਸ਼ਨ ਹੈ। ਉਨ੍ਹਾਂ ਦੇ ਅਮੁੱਲੇ ਯੋਗਦਾਨ ਨੂੰ ਦੇਖਦਿਆਂ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨਾ ਉਨ੍ਹਾਂ ਦੀ ਵਿਰਾਸਤ ਪ੍ਰਤੀ ਯੋਗ ਸਤਿਕਾਰ ਹੋਵੇਗਾ।