- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੀਚੇਵਾਲ ਵੱਲੋਂ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼

-ਪਿੰਡਾਂ ’ਚ ਲੱਗਣਗੇ ਠੀਕਰੀ ਪਹਿਰੇ, ਚੌਂਕਾਂ ’ਤੇ ਲੱਗਣਗੇ ਸੀਸੀਟੀਵੀ ਕੈਮਰੇ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਿੰਡਾਂ ਦੀ ਸੁਰੱਖਿਆ ਲਈ ਖੁਦ ਅੱਗੇ ਆਉਣ। ਆਪਣੀ ਸੁਰੱਖਿਆ ਵਾਪਸ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਨੇ ਪਿੰਡ ਸੀਚੇਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ’ਚ ਤਾਇਨਾਤ ਛੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਥਾਣਿਆਂ ਵਿਚ ਭੇਜਣ ਦੀ ਬੇਨਤੀ ਇਸ ਲਈ ਕੀਤੀ ਹੈ, ਕਿਉਂਕਿ ਥਾਣਿਆਂ ਵਿੱਚ ਲੋੜੀਂਦੀ ਨਫ਼ਰੀ ਦੀ ਘਾਟ ਕਾਰਨ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ‘ਆਪਣਾ ਪਿੰਡ ਸੰਭਾਲੋ, ਆਪਣੇ ਬੱਚੇ ਆਪ ਸੰਭਾਲੋ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਪਿੰਡਾਂ ’ਚ ਲੋਕ ਵਾਰੀ-ਵਾਰੀ ਠੀਕਰੀ ਪਹਿਰਾ ਦੇਣਗੇ ਤੇ ਸੰਵੇਦਨਸ਼ੀਲ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਜਲਦੀ ਹੀ ਇਲਾਕੇ ਦੇ ਹੋਰ ਪਿੰਡਾਂ ਤੱਕ ਵੀ ਪਹੁੰਚਾਈ ਜਾਵੇਗੀ। ਸੰਤ ਸੀਚੇਵਾਲ ਨੇ ਕਿਹਾ ਕਿ 8 ਅਪ੍ਰੈਲ 2026 ਨੂੰ ਤਲਵੰਡੀ ਮਾਧੋ ਦੇ ਵਸਨੀਕਾਂ ਨੇ ਇੱਕ ਦਿਨ ਨਾਕਾਬੰਦੀ ਕਰਕੇ ਕਰੀਬ 75 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇ ਹਰ ਪਿੰਡ ਆਪਣੇ ਪੱਧਰ ‘ਤੇ ਇਸ ਤਰ੍ਹਾਂ ਨਾਕੇ ਲਗਾ ਕੇ ਨਸ਼ੇੜੀਆਂ ਦੇ ਦਾਖਲੇ ਨੂੰ ਰੋਕੇ ਤਾਂ ਪਿੰਡਾਂ ਵਿੱਚ ਨਸ਼ਿਆਂ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਥਾਣਿਆਂ ’ਚ ਲੋੜੀਂਦੀ ਨਫ਼ਰੀ ਨਾ ਹੋਣ ਕਾਰਨ ਇਨ੍ਹਾਂ ਖੇਤਰਾਂ ਵਿੱਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।
ਅੱਜ ਦੁਪਹਿਰ ਬਾਅਦ ਜਲੰਧਰ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਤੇ ਕਪੂਰਥਲਾ ਦੇ ਐੱਸਐੱਸਪੀ ਨਿਰਮਲ ਕੁਟੀਆ ਸੀਚੇਵਾਲ ’ਚ ਉਨ੍ਹਾਂ ਨਾਲ ਮਿਲਣ ਲਈ ਆਏ। ਦੋਵਾਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਥਾਣਾ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਖੇਤਰਾਂ ’ਚ ਵਾਪਰੀਆਂ ਵਾਰਦਾਤਾਂ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ, ਜਿਸ ਦੇ ਇਕ ਪਾਸੇ ਐੱਸਡੀਐੱਮ ਦਾ ਦਫ਼ਤਰ ਤੇ ਦੂਜੇ ਪਾਸੇ ਨਿਰਮਲ ਕੁਟੀਆ ਸਥਿਤ ਹੈ, ਉਨ੍ਹਾਂ ਦੇ ਜੀਵਨ ਨਾਲ ਡੂੰਘਾ ਨਾਤਾ ਰੱਖਦੀ ਹੈ। ਉਹ ਆਪਣੇ ਜੀਵਨ ਦੇ 25 ਸਾਲ ਬਾਬੇ ਨਾਨਕ ਦੀ ਵੇਈਂ ਦੀ ਸੇਵਾ ਲਈ ਸਮਰਪਿਤ ਕਰ ਚੁੱਕੇ ਹਨ। ਅਜਿਹੇ ਪਵਿੱਤਰ ਤੇ ਸੁਰੱਖਿਅਤ ਮੰਨੇ ਜਾਂਦੇ ਸਥਾਨ ‘ਤੇ ਲੁੱਟ-ਖੋਹ ਦੀ ਘਟਨਾ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਜੇ ਵੇਈਂ ’ਤੇ ਸੈਰ ਕਰਨ ਵਾਲੀਆਂ ਔਰਤਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਉਸ ਵੇਲੇ ਉਹ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਰਦੇ ਰਹੇ ਸਨ। ਹੁਣ ਉਹ ਅਜਿਹੀਆਂ ਘਟਨਾਵਾਂ ‘ਤੇ ਚੁੱਪ ਨਹੀਂ ਰਹਿ ਸਕਦੇ। ਉਹ ਲੰਬੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਛੇ ਪੁਲਿਸ ਮੁਲਾਜ਼ਮ ਥਾਣਿਆਂ ਵਿੱਚ ਡਿਊਟੀ ਨਿਭਾਉਣ ਤਾਂ ਜੋ ਉਹ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵਿੱਚ ਵੱਧ ਯੋਗਦਾਨ ਪਾ ਸਕਣ।
--------------------------
ਪਹਿਲੀ ਮੁਲਾਕਾਤ ’ਚ ਹੀ ਸੀਐੱਮ ਨੂੰ ਨਸ਼ਿਆਂ ਦਾ ਹੱਲ ਸੁਝਾਇਆ ਸੀ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮਈ 2022 ਵਿਚ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਚੇਵਾਲ ਆਏ ਸਨ, ਉਸ ਸਮੇਂ ਉਹ ਰਾਜ ਸਭਾ ਮੈਂਬਰ ਵੀ ਨਹੀਂ ਸਨ। ਬੰਦ ਕਮਰੇ ਵਿੱਚ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਨਸ਼ਾ ਛੁਡਾਊ ਕੇਂਦਰਾਂ ’ਚ ਵੀ ਕਈ ਵਾਰ ਨਸ਼ੇ ਦੀਆਂ ਗੋਲੀਆਂ ਦੇ ਕੇ ਮਰੀਜ਼ਾਂ ਨੂੰ ਉਨ੍ਹਾਂ ਦੀ ਆਦਤ ਪਾ ਦਿੱਤੀ ਜਾਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਜਿਵੇਂ ਸਰਕਾਰ ਨਿਗਰਾਨੀ ਹੇਠ ਸ਼ਰਾਬ ਦੀ ਵਿਕਰੀ ਨੂੰ ਨਿਯੰਤਰਿਤ ਕਰਦੀ ਹੈ, ਉਸੇ ਤਰ੍ਹਾਂ ਜੇ ਸੰਥੈਟਿਕ ਨਸ਼ਿਆਂ ’ਤੇ ਕਾਬੂ ਪਾਉਣ ਲਈ ਪ੍ਰਬੰਧ ਕੀਤਾ ਜਾਵੇ ਤਾਂ ਲੋਕਾਂ ਨੂੰ ਇਨ੍ਹਾਂ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਮਿਲ ਸਕਦੀ ਹੈ।