- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਮਜ਼ਦੂਰਾਂ ਵੱਲੋਂ ਬੱਸ ਸਟੈਂਡ ਮਹਿਤਪੁਰ ਵਿਖੇ ਜ਼ੋਰਦਾਰ ਰੈਲੀ

-ਨਗਰ ਪੰਚਾਇਤ ਦੇ ਈਓ, ਪ੍ਰਧਾਨ ਤੇ ਤਹਿਸੀਲਦਾਰ ਮਹਿਤਪੁਰ ਰਾਹੀਂ ਏਡੀਸੀ ਨੂੰ ਭੇਜਿਆ ਮੰਗ ਪੱਤਰ
-ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਕੀਤੀ ਮੰਗ, ਦੇਰੀ ਹੋਣ 'ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਨਗਰ ਪੰਚਾਇਤ ਮਹਿਤਪੁਰ ਅਧੀਨ ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਤੇ ਸੀ ਕੈਟੇਗਰੀ ਨੂੰ ਪੱਕਾ (ਰੈਗੂਲਰ) ਕਰਨ ਦੀ ਪ੍ਰਕਿਰਿਆ ’ਚ ਹੋ ਰਹੀ ਦੇਰੀ ਦੇ ਵਿਰੋਧ ’ਚ ਸਫ਼ਾਈ ਸੇਵਕ ਯੂਨੀਅਨ, ਪੰਜਾਬ (ਯੂਨਿਟ ਮਹਿਤਪੁਰ) ਵੱਲੋਂ ਬੱਸ ਸਟੈਂਡ ਮਹਿਤਪੁਰ ਵਿਖੇ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਰੈਲੀ ’ਚ ਸਮੂਹ ਸਫ਼ਾਈ ਮਜ਼ਦੂਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਰੈਲੀ ਉਪਰੰਤ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਵੱਲੋਂ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ (ਈਓ), ਨਗਰ ਪੰਚਾਇਤ ਪ੍ਰਧਾਨ ਤੇ ਤਹਿਸੀਲਦਾਰ ਮਹਿਤਪੁਰ ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਸੁਭਾਸ਼ ਵਾਲਮੀਕ, ਪੱਪੂ ਪ੍ਰਧਾਨ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਕਮਲ ਕਿਸ਼ੋਰ, ਨਸੀਬ, ਸ਼ਿਵਾ, ਬੀਬੀ ਕਾਨਤਾਂ, ਕਿਸ਼ਨ ਬੀਬੀ ਰੇਖਾ, ਬੀਬੀ ਮੰਜੂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ ਪੱਤਰ ਅਨੁਸਾਰ ਮੁਲਾਜ਼ਮਾਂ ਦੀ ਸਕਰੀਨਿੰਗ ਕਰਕੇ 7 ਨਵੰਬਰ 2026 ਤੱਕ ਮੁੱਖ ਦਫ਼ਤਰ ਨੂੰ ਰਿਪੋਰਟ ਭੇਜੀ ਜਾਣੀ ਲਾਜ਼ਮੀ ਹੈ। ਨਗਰ ਪੰਚਾਇਤ ਮਹਿਤਪੁਰ ਵੱਲੋਂ ਲੋੜੀਂਦਾ ਰਿਕਾਰਡ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਪਰੰਤੂ ਹਾਲੇ ਤੱਕ ਸਕਰੀਨਿੰਗ ਮੁਕੰਮਲ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੋਰਨਾਂ ਕਈ ਨਗਰ ਪੰਚਾਇਤਾਂ ’ਚ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ ਪਰ ਮਹਿਤਪੁਰ ਦੇ ਗਰੀਬ ਮਜ਼ਦੂਰਾਂ ਨਾਲ ਵਿਤਕਰਾ ਹੋ ਰਿਹਾ ਹੈ। ਯੂਨੀਅਨ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੇਸ ਦੀ ਮੌਜੂਦਾ ਸਥਿਤੀ ਦੀ ਤੁਰੰਤ ਪੜਤਾਲ ਕਰਵਾ ਕੇ ਸਕਰੀਨਿੰਗ ਮੁਕੰਮਲ ਕੀਤੀ ਜਾਵੇ ਤੇ ਨਿਰਧਾਰਤ ਸਮਾਂ-ਸੀਮਾ ਅੰਦਰ ਯੋਗ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਜਾਇਜ਼ ਮੰਗ 'ਤੇ ਤੁਰੰਤ ਅਮਲ ਨਾ ਹੋਇਆ, ਤਾਂ ਯੂਨੀਅਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਸਮੂਹ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਸਫ਼ਾਈ ਸੇਵਕ ਹਾਜ਼ਰ ਸਨ।