ਨੈਸ਼ਨਲ ਹਾਈਵੇ ’ਤੇ ਟੁੱਟੀ ਪੁੱਲੀ ਨੂੰ ਪ੍ਰਸ਼ਾਸਨ ਕਰ ਰਿਹਾ ਅੱਖੋਂ ਪਰੋਖੀ।
ਨੈਸ਼ਨਲ ਹਾਈਵੇ ਉਪਰ ਟੁੱਟੀ ਪੁੱਲੀ ਨੂੰ ਪ੍ਰਸ਼ਾਸਨ ਕਰ ਰਿਹਾ ਅੱਖੋਂ ਪਰੋਖੀ।
Publish Date: Sat, 26 Sep 2026 06:37 PM (IST)
Updated Date: Sat, 26 Sep 2026 06:39 PM (IST)
ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ ਲੋਹੀਆਂ ਖ਼ਾਸ: ਲੋਹੀਆਂ ਖ਼ਾਸ ਤੋਂ ਮੱਖੂ ਨੈਂਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਮਾਣਕ ਦੇ ਨਜ਼ਦੀਕ ਸੜਕ ’ਤੇ ਪੁਲੀ ਟੁੱਟ ਕੇ ਡਿੱਗ ਚੁੱਕੀ ਹੈ। ਲੋਕਾਂ ਦੇ ਦੱਸਣ ਮੁਤਾਬਕ ਇਸ ਪੁਲੀ ਨੂੰ ਟੁੱਟੇ ਲਗਭਗ ਦੋ ਮਹੀਨੇ ਤੋਂ ਵੀ ਵਧ ਦਾ ਸਮਾਂ ਹੋ ਗਿਆ ਹੈ। ਪਹਿਲਾਂ ਵੀ ਮੀਡੀਆ ਦੁਆਰਾ ਇਸ ਬਾਰੇ ਖ਼ਬਰ ਲਗਾਈ ਗਈ ਸੀ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਇਹ ਟੁੱਟੀ ਹੋਈ ਪੁਲੀ ਦਰਜਨਾਂ ਹਾਦਸਿਆ ਨੂੰ ਸੱਦਾ ਦੇ ਰਹੀ ਹੈ। ਇਸਦੇ ਦੁਆਲੇ ਸਿਰਫ਼ ਮਿੱਟੀ ਦੇ ਬੋਰੇ ਭਰ ਕੇ ਰੱਖ ਕੇ ਪ੍ਰਸ਼ਾਸਨ ਟਾਈਮ ਟਪਾ ਰਿਹਾ ਹੈ, ਨੈਸ਼ਨਲ ਹਾਈਵੇ ਹੋਣ ਕਰਕੇ ਰਾਹਗੀਰ ਆਪਣੀ ਸਪੀਡ ’ਤੇ ਆਉਂਦੇ ਹਨ ਤੇ ਰਾਤ ਨੂੰ ਹਨ੍ਹੇਰਾ ਹੋਣ ਕਰਕੇ ਗੱਡੀਆਂ ਅਣਚਾਹੇ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ। ਹਾਲਾਂਕਿ ਭਾਵੇਂ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਕੋਈ ਵੱਡਾ ਹਾਦਸਾ ਤਾਂ ਨਹੀਂ ਵਾਪਰਿਆ ਪਰ ਕੀ ਸਰਕਾਰ ਤੇ ਪ੍ਰਸ਼ਾਸਨ ਦੋ ਮਹੀਨੇ ਤੋਂ ਗਹਿਰੀ ਨੀਂਦੇ ਸੁੱਤਾ ਪਾਇਆ ਹੈ ਜਾਂ ਫਿਰ ਹੁਣ ਕਿਸੇ ਰਾਹਗੀਰ ਦੀ ਕੀਮਤੀ ਜਾਨ ਲੈ ਕੇ ਹੀ ਇਸ ਪੁਲੀ ਨੂੰ ਬਣਾਵੇਗਾ!